* ਅਬੋਹਰ ਦੇ ਅਰਦਿਮਪ੍ਰੀਤ ਨੇ ਪਾਵਰ ਲਿਫ਼ਟਿੰਗ ਵਿਚ ਜਿੱਤੇ 2 ਸੋਨੇ ਦੇ ਤਗਮੇ
*ਪਰਿਵਾਰ ਅਤੇ ਮੁਹੱਲਾ ਵਾਸੀਆਂ ਨੇ ਅਬੋਹਰ ਪਹੁੰਚਣ ’ਤੇ ਕੀਤਾ ਨਿੱਘਾ ਸਵਾਗਤ
ਅਬੋਹਰ, 21 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਇਕ ਪਾਸੇ ਜਿੱਥੇ ਆਏ ਦਿਨ ਨੌਜਵਾਨੀ ਦੇ ਨਸ਼ੇ ਨਾਲ ਗ਼ਰਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਅਬੋਹਰ ਦੇ ਨੌਜਵਾਨ ਨੇ ਆਪਣੇ ਪੱਧਰ ’ਤੇ ਨੈਸ਼ਨਲ ਪਾਵਰ ਲਿਫ਼ਟਿੰਗ ਵਿਚ ਭਾਗ ਲੈਂਦੇ ਹੋਏ 2 ਸੋਨੇ ਦੇ ਤਗਮੇ ਜਿੱਤ ਕੇ ਭਾਰਤ ਦੇਸ਼ ਦਾ ਹੀ ਨਹੀਂ ਬਲਕਿ ਪੰਜਾਬ ਅਤੇ ਆਪਣੇ ਸ਼ਹਿਰ ਅਬੋਹਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਅਬੋਹਰ ਦੀ ਪੁਰਾਣੀ ਸੂਰਜ ਨਗਰੀ ਵਾਸੀ ਅਰਦਿਮ ਪ੍ਰੀਤ ਸਿੰਘ ਨੇ ਥਾਈਲੈਂਡ ਦੇ ਬੈਂਕਾਕ ਵਿਖੇ ਹੋਈ ਨੈਸ਼ਨਲ ਪਾਵਰ ਲਿਫ਼ਟਿੰਗ ਪ੍ਰਤੀਯੋਗਤਾ ਵਿਚ ਭਾਗ ਲੈਂਦੇ ਹੋਏ 2 ਸੋਨੇ ਦੇ ਤਗਮੇ ਹਾਸਲ ਕੀਤੇ ਹਨ ਜਿਨ੍ਹਾਂ ਦਾ ਅੱਜ ਅਬੋਹਰ ਪੁੱਜਣ ’ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਮੁਹੱਲਾ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਪਾਵਰ ਲਿਫ਼ਟਿੰਗ ਵਿਚ ਨਾਮਣਾ ਖੱਟਣ ਵਾਲੇ ਖਿਡਾਰੀ ਅਰਦਿਮ ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਥਾਈਲੈਂਡ ਦੇ ਬੈਂਕਾਕ ਵਿਖੇ ਰਾਸ਼ਟਰੀ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਜਿਸ ਵਿਚ ਬੈਂਚ ਪੈੱ੍ਰਸ ਅਤੇ ਡੈਡ ਲਿਫ਼ਟ ਵਿਚੋਂ ਅੱਵਲ ਆਉਂਦੇ ਹੋਏ 2 ਸੋਨੇ ਦੇ ਤਗਮੇ ਹਾਸਲ ਕੀਤੇ ਹਨ। ਬੈਂਕਾਕ ਵਿਖੇ ਹੋਏ ਡਬਲਯੂ ਆਰ.ਪੀ.ਐਫ ਆਇਰਨ ਵਰਲਡ ਪ੍ਰਤੀਯੋਗਤਾ ਵਿਚ 185 ਕਿੱਲੋ ਬੈਂਚ ਪੈੱ੍ਰਸ ਅਤੇ 260 ਕਿੱਲੋ ਡੈਡ ਲਿਫ਼ਟ ਵਿਚ ਅੱਵਲ ਆਉਂਦੇ ਹੋਏ ਉਸ ਨੇ ਉਕਤ ਮੁਕਾਮ ਹਾਸਲ ਕੀਤਾ ਹੈ। ਅਰਦਿਮ ਪ੍ਰੀਤ ਸਿੰਘ ਦੀ ਉਕਤ ਉਪਲਬਧੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਡਵੋਕੇਟ ਹਰਪ੍ਰੀਤ ਸਿੰਘ ਅਤੇ ਜਤਿੰਦਰ ਕੌਰ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਸਰਕਾਰ ਵਲੋਂ ਵੀ ਮਦਦ ਦਿਵਾਉਣ ਦਾ ਭਰੋਸਾ ਦਿੱਤਾ ਹੈ। ਅਰਦਿਮ ਪ੍ਰੀਤ ਸਿੰਘ ਦੇ ਪਿਤਾ ਗੁਰਵਿੰਦਰ ਪਾਲ ਸਿੰਘ ਅਤੇ ਮਾਤਾ ਹਰਵਿੰਦਰ ਕੌਰ ਨੇ ਆਪਣੇ ਪੁੱਤਰ ਦੀ ਉਕਤ ਉਪਲਬਧੀ ’ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਹੋਏ ਮੁਕਾਬਲਿਆਂ ਵਿਚ ਆਪਣੇ ਪੱਧਰ ’ਤੇ ਹੀ ਬੱਚੇ ਨੂੰ ਖਿਡਾ ਰਹੇ ਹਨ ਜਦ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ। ਥਾਈਲੈਂਡ ਵਿਖੇ ਹੋਏ ਮੁਕਾਬਲਿਆਂ ਲਈ ਵੀ ਉਨ੍ਹਾਂ 3 ਲੱਖ ਦਾ ਲੋਨ ਲੈ ਕੇ ਬੱਚੇ ਨੂੰ ਉਕਤ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਭੇਜਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਖੇਡਾਂ ਵਿਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਫ਼ੰਡ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ। ਅਰਦਿਮ ਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੁਬਈ ਹੋਣ ਜਾ ਰਹੇ ਹਨ, ਜਿਸ ਦੀਆਂ ਤਿਆਰੀਆਂ ਜਲਦ ਸ਼ੁਰੂ ਹੋਣਗੀਆਂ। ਇਸ ਮੌਕੇ ਅਰਦਿਮ ਪ੍ਰੀਤ ਸਿੰਘ ਦੇ ਪਿਤਾ ਗੁਰਵਿੰਦਰ ਪਾਲ ਸਿੰਘ, ਮਾਤਾ ਹਰਵਿੰਦਰ ਕੌਰ, ਆਮ ਆਦਮੀ ਪਾਰਟੀ ਦੇ ਨੇਤਾ ਐਡਵੋਕੇਟ ਹਰਪ੍ਰੀਤ ਸਿੰਘ, ਜਤਿੰਦਰ ਕੌਰ, ਸਰਗੁਣ ਮੀਤ ਸਿੰਘ, ਦਾਦੀ ਪ੍ਰਿਤਪਾਲ ਕੌਰ, ਚਾਚਾ ਹਰਜਿੰਦਰ ਸਿੰਘ, ਕਿਰਨਪ੍ਰੀਤ ਕੌਰ, ਮਨਵਿੰਦਰ ਸਿੰਘ, ਦਰਪਨ ਸਿੰਘ, ਪ੍ਰਕਾਸ਼ ਕੌਰ ਆਦਿ ਹਾਜ਼ਰ ਸਨ।
ਥਾਈਲੈਂਡ ਵਿਖੇ ਹੋਈ ਅੰਤਰਰਾਸ਼ਟਰੀ ਪੱਧਰ ਪ੍ਰਤੀਯੋਗਤਾ ਵਿਚ ਪੰਜਾਬ ਦਾ ਨਾਂਅ ਚਮਕਿਆ
ਅਜੀਤ ਡੈਸਕ
22-06-2026