ਫ਼ਾਜ਼ਿਲਕਾ, 30 ਜੂਨ (ਦਵਿੰਦਰ ਪਾਲ ਸਿੰਘ)–ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਿੰਕੂ ਚਾਵਲਾ ਨੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਆਪਣੀ ਆਭਾ ਆਈ.ਡੀ ਬਣਵਾਉਣ ਅਤੇ 14 ਤੋਂ 15 ਸਾਲ ਦੀਆਂ ਲੜਕੀਆਂ ਦਾ ਐੱਚ.ਪ.ਵੀ.ਟੀਕਾਕਰਨ ਕਰਵਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਇਲਾਜ ਨਾਲ ਸਬੰਧਿਤ ਰਿਕਾਰਡ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਹਰੇਕ ਵਿਅਕਤੀ ਦੀ ਇਕ ਵਿਲੱਖਣ ‘ਆਭਾ ਆਈ.ਡੀ.’ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਓ.ਪੀ.ਡੀ.ਦੀਆਂ ਲੰਬੀਆਂ ਲਾਈਨਾਂ ਤੋਂ ਬਚਣ ਲਈ ਲੋਕਾਂ ਨੂੰ ਜਲਦੀ ਤੋਂ ਜਲਦੀ ਇਹ ਆਈ.ਡੀ. ਬਣਵਾਉਣੀ ਚਾਹੀਦੀ ਹੈ। ਆਈ.ਡੀ. ਬਣਨ ਤੋਂ ਬਾਅਦ ਮਰੀਜ਼ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਜਾਣ ਸਮੇਂ ਮੈਡੀਕਲ ਰਿਪੋਰਟਾਂ, ਐਕਸ-ਰੇਅ ਜਾਂ ਹੋਰ ਦਸਤਾਵੇਜ਼ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ। ਡਾਕਟਰ ਆਨਲਾਈਨ ਹੀ ਪੁਰਾਣਾ ਰਿਕਾਰਡ ਦੇਖ ਸਕਣਗੇ। ਐਮਰਜੈਂਸੀ ਦੀ ਸਥਿਤੀ ਵਿਚ ਪੁਰਾਣੇ ਦਸਤਾਵੇਜ਼ ਨਾ ਹੋਣ ਕਾਰਨ ਇਲਾਜ ਵਿਚ ਹੁੰਦੀ ਦੇਰੀ ਤੋਂ ਬਚਾਅ ਹੋਵੇਗਾ। ਇਹ ਆਈ.ਡੀ. ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫ਼ਤ ਬਣਾਈ ਜਾ ਰਹੀ ਹੈ। ਲੋਕ ਸਰਕਾਰੀ ਹਸਪਤਾਲਾਂ ਵਿਚ ਸਥਾਪਤ ਹੈਲਪ ਡੈਸਕ ਦੀ ਮਦਦ ਲੈ ਸਕਦੇ ਹਨ ਜਾਂ ਕਿਊ.ਆਰ.ਕੋਡ ਸਕੈਨ ਕਰਕੇ ਖ਼ੁਦ ਵੀ ਆਨਲਾਈਨ ਬਣਾ ਸਕਦੇ ਹਨ। ਇਸ ਲਈ ਪਛਾਣ ਪੱਤਰ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਜ਼ਰੂਰੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਆਭਾ ਕਿਊ.ਆਰ. ਕੋਡ ਸਕੈਨ ਐਂਡ ਸ਼ੇਅਰ ਸੁਵਿਧਾ ਰਾਹੀਂ ਮਰੀਜ਼ ਹਸਪਤਾਲ ਵਿਚ ਲੱਗੇ ਕੋਡ ਨੂੰ ਸਕੈਨ ਕਰਕੇ ਬਿਨਾਂ ਲਾਈਨ ਵਿਚ ਲੱਗੇ ਓ.ਪੀ.ਡੀ. ਪਰਚੀ ਕਟਵਾ ਸਕਦੇ ਹਨ। ‘ਆਭਾ ਐਪ’ ਰਾਹੀਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਟੋਕਨ ਵੀ ਜਨਰੇਟ ਕੀਤਾ ਜਾ ਸਕਦਾ ਹੈ। ਡਾ.ਚਾਵਲਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ 14 ਤੋਂ 15 ਸਾਲ ਦੀਆਂ ਧੀਆਂ ਦਾ ਐੱਚ.ਪੀ.ਵੀ ਟੀਕਾਕਰਨ ਜ਼ਰੂਰ ਕਰਵਾਉਣ। ਇਹ ਟੀਕਾ ਲੜਕੀਆਂ ਵਿਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਖ਼ਤਰੇ ਨੂੰ ਰੋਕਣ ਵਿਚ ਬੇਹੱਦ ਕਾਰਗਰ ਹੈ। ਇਸ ਮੌਕੇ ਡਾ. ਰਾਜਵੀਰ ਕੰਬੋਜ, ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਦਿਵੇਸ਼ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।