ਅਬੋਹਰ, 1 ਜੁਲਾਈ (ਵਿਵੇਕ ਹੂੜੀਆ)-ਅਬੋਹਰ ਦੀ ਹੋਣਹਾਰ ਬਾਲ ਡਿਜੀਟਲ ਕ੍ਰਿਏਟਰ ਇਨਾਇਤ ਕੌਰ ਨੇ ਪੂਰੇ ਪੰਜਾਬ ਵਿਚ ਸ਼ਹਿਰ ਦਾ ਨਾਂਅ ਰੌਸ਼ਨ ਕਰਦਿਆਂ ਵੱਕਾਰੀ ‘ਪੀ.ਟੀ.ਸੀ ਪੰਜਾਬੀ ਡਿਜੀਟਲ ਕ੍ਰਿਏਟਰਸ ਐਵਾਰਡ’ ਆਪਣੇ ਨਾਂਅ ਕੀਤਾ ਹੈ। ਮੋਹਾਲੀ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਸਮਾਰੋਹ ਦੌਰਾਨ ਇਨਾਇਤ ਕੌਰ ਨੂੰ ‘ਬੈੱਸਟ ਚਾਈਲਡ ਕੈਟਾਗਰੀ’ ਵਿਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਵੱਡੀ ਪ੍ਰਾਪਤੀ ਕਾਰਨ ਅਬੋਹਰ ਵਾਸੀਆਂ ਅਤੇ ਇਲਾਕੇ ਵਿਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਹੈ। ਪੀ.ਟੀ.ਸੀ ਪੰਜਾਬੀ ਵਲੋਂ ਕਰਵਾਏ ਗਏ ਇਸ ਵੱਕਾਰੀ ਸਮਾਰੋਹ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚੋਂ ਚੁਣੇ ਗਏ 35 ਸਰਬਤਮ ਡਿਜੀਟਲ ਕ੍ਰਿਏਟਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਰੰਗਾਰੰਗ ਪ੍ਰੋਗਰਾਮ ਵਿਚ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਹੈਪੀ ਰਾਏਕੋਟੀ, ਗੁਲਾਬ ਸਿੱਧੂ, ਫ਼ਿਰੋਜ਼ ਖ਼ਾਨ, ਅਸ਼ੋਕ ਮਸਤੀ, ਮਨੀ ਔਜਲਾ, ਪ੍ਰੀਤਿਸ਼ ਨਰੂਲਾ ਸਮੇਤ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਐਵਾਰਡ ਹਾਸਿਲ ਕਰਨ ਤੋਂ ਬਾਅਦ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਇਨਾਇਤ ਕੌਰ ਨੇ ਕਿਹਾ ਕਿ ਇਹ ਸਨਮਾਨ ਉਸ ਦੇ ਪੂਰੇ ਪਰਿਵਾਰ ਦੀ ਸਖ਼ਤ ਮਿਹਨਤ, ਸਹਿਯੋਗ ਅਤੇ ਅਟੁੱਟ ਵਿਸ਼ਵਾਸ ਦਾ ਨਤੀਜਾ ਹੈ। ਉਸ ਨੇ ਵਿਸ਼ੇਸ਼ ਤੌਰ ’ਤੇ ਪੀ.ਟੀ.ਸੀ ਪੰਜਾਬੀ ਦੇ ਸੀ.ਈ.ਓ) ਰਾਜੀਵ ਐਮ.ਸ਼ਿੰਦੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਐਵਾਰਡ ਆਪਣੇ ਪਰਿਵਾਰ ਨੂੰ ਸਮਰਪਿਤ ਕਰਦੀ ਹੈ, ਜਿਨ੍ਹਾਂ ਦੇ ਨਿਰੰਤਰ ਉਤਸ਼ਾਹ ਸਦਕਾ ਉਹ ਅੱਜ ਇਸ ਮੁਕਾਮ ’ਤੇ ਪਹੁੰਚੀ ਹੈ। ਅਵਾਰਡ ਜਿੱਤ ਕੇ ਅਬੋਹਰ ਪਰਤਣ ’ਤੇ ‘ਬੰਬੇ ਇੰਸਟੀਚਿਊਟ’ ਵਿਖੇ ਇਨਾਇਤ ਕੌਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੰਸਥਾ ਦੇ ਸੰਚਾਲਕ ਗਗਨ ਚੁੱਘ ਨੇ ਇਨਾਇਤ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਲਾਕੇ ਦੇ ਲੋਕਾਂ ਵਲੋਂ ਇਨਾਇਤ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।