ਫ਼ਾਜ਼ਿਲਕਾ, 1 ਜੁਲਾਈ (ਦਵਿੰਦਰ ਪਾਲ ਸਿੰਘ)-ਸਥਾਨਕ ਫ਼ਿਰੋਜ਼ਪੁਰ ਰੋਡ ’ਤੇ ਪਿੰਡ ਜੱਟ ਵਾਲੀ ਨੇੜੇ ਸਥਿਤ ਪੁਨਰਵਾਸ ਕੇਂਦਰ ਵਿਖੇ ਪਹੁੰਚੀ ਅਰੋੜਾ ਵਿਕਾਸ ਮੰਚ ਦੀ ਟੀਮ ਨੇ ਫਾਊਂਡਰ ਪ੍ਰੈਜ਼ੀਡੈਂਟ ਗਗਨ ਚੁੱਘ ਦੀ ਦੇਖ-ਰੇਖ ਹੇਠ ਕੇਂਦਰ ਵਿਚ ਦਾਖ਼ਲ ਕਰਵਾਏ ਗਏ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਫ਼ਾਜ਼ਿਲਕਾ ਦੇ ਸਦਰ ਥਾਣਾ ਮੁਖੀ ਹਰਦੇਵ ਸਿੰਘ ਬੇਦੀ ਅਤੇ ਸਿਟੀ ਥਾਣਾ ਮੁਖੀ ਪਰਵਿੰਦਰ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੰਚ ਦੀ ਟੀਮ ਨੇ ਅਬੋਹਰ ਤੋਂ ਭੇਜੇ ਗਏ ਸੱਤ ਮਰੀਜ਼ਾਂ ਬਾਰੇ ਕੇਂਦਰ ਵਿਚ ਤਾਇਨਾਤ ਡਾ. ਮਹੇਸ਼ ਬਾਂਸਲ ਨਾਲ ਮੁਲਾਕਾਤ ਕਰਕੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਸਦਰ ਥਾਣਾ ਮੁਖੀ ਹਰਦੇਵ ਸਿੰਘ ਬੇਦੀ ਨੇ ਨਸ਼ੇ ਦੇ ਆਦੀ ਮਰੀਜ਼ਾਂ ਦੇ ਮੁਕੰਮਲ ਇਲਾਜ ਲਈ ਪੁਲਿਸ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕੇਂਦਰ ਵਿਚ ਦਾਖ਼ਲ ਨਸ਼ਾ ਛੱਡਣ ਦੇ ਇੱਛੁਕ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਅਨੁਭਵ ਪੁੱਛੇ ਗਏ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਦਵਾਈਆਂ ਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਅਪੀਲ ਕੇਂਦਰ ਪ੍ਰਬੰਧਕਾਂ ਨੂੰ ਕੀਤੀ ਗਈ। ਇਸ ਮੌਕੇ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਅਰੋੜਾ ਵਿਕਾਸ ਮੰਚ ਵਲੋਂ ਅਪਰਾਧੀ ’ਤੇ ਕਾਰਵਾਈ ਕਰਨ ਦੀ ਬਜਾਏ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਮਕਸਦ ਨਾਲ ਕੰਮ ਕੀਤਾ ਜਾ ਰਿਹਾ ਹੈ। ਚੋਰੀ, ਖੋਹ-ਖਿੱਚ ਅਤੇ ਹੋਰ ਅਪਰਾਧਾਂ ਵਿਚ ਸ਼ਾਮਲ ਨੌਜਵਾਨਾਂ ਨੂੰ, ਜੋ ਨਸ਼ੇ ਦੀ ਲਤ ਕਾਰਨ ਇਸ ਰਾਹ ਪਏ ਹਨ, ਨਸ਼ਾ ਮੁਕਤੀ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਤਾਂ ਜੋ ਉਹ ਨਸ਼ਾ ਮੁਕਤ ਹੋ ਕੇ ਅਪਰਾਧਿਕ ਪ੍ਰਵਿਰਤੀ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਮੰਚ ਦੀ ਇਸ ਮੁਹਿੰਮ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਡਾ. ਮਹੇਸ਼ ਬਾਂਸਲ ਨੇ ਦੱਸਿਆ ਕਿ ਫ਼ਾਜ਼ਿਲਕਾ ਵਿਖੇ ਚੱਲ ਰਹੇ ਇਸ ਪੁਨਰਵਾਸ ਕੇਂਦਰ ਵਿਚ ਨੌਜਵਾਨਾਂ ਦਾ ਧਿਆਨ ਨਸ਼ੇ ਤੋਂ ਹਟਾਉਣ ਲਈ ਯੋਗਾ, ਕਸਰਤ ਅਤੇ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਦਿਨਾਂ ਵਿਚ ਪੈ ਰਹੀ ਭਿਆਨਕ ਗਰਮੀ ਤੋਂ ਬਚਾਅ ਲਈ ਇਲਾਜ ਅਧੀਨ ਨੌਜਵਾਨਾਂ ਵਾਸਤੇ ਏ.ਸੀ.ਹਾਲ ਵਾਲੇ ਵਾਰਡ ਬਣਾਏ ਗਏ ਹਨ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਸਿਹਤ ਲਾਭ ਲੈਣ ਲਈ ਕੇਂਦਰ ਦੀ ਚਾਰਦੀਵਾਰੀ ਦੇ ਅੰਦਰ ਹੀ ਹਰੇ-ਭਰੇ ਪਾਰਕ ਦਾ ਨਿਰਮਾਣ ਵੀ ਕੀਤਾ ਗਿਆ ਹੈ।