ਜਲਾਲਾਬਾਦ, 3 ਜੁਲਾਈ (ਕਰਨ ਚੁਚਰਾ)-ਜਲਾਲਾਬਾਦ ਵਿਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕਰਨ ਇੰਟਰਪ੍ਰਾਈਜਿਜ਼ ਨਾਮਕ ਇਕ ਵਪਾਰੀ ਦੀ ਦੁਕਾਨ ’ਤੇ ਜੀ.ਐੱਸ.ਟੀ. ਵਿਭਾਗ ਵਲੋਂ ਅਚਾਨਕ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਚੋਣਾਂ ਤੋਂ ਮਹਿਜ਼ ਦੋ ਦਿਨ ਪਹਿਲਾਂ ਹੋਈ ਹੈ। ਜਿਸ ਕਾਰਨ ਇਲਾਕੇ ਵਿਚ ਸਿਆਸੀ ਗਰਮਾਹਟ ਵਧ ਗਈ ਹੈ। ਸਿਆਸੀ ਸੂਤਰਾਂ ਮੁਤਾਬਿਕ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਨਾਲ ਜੋੜਿਆ ਜਾ ਰਿਹਾ ਹੈ, ਸੂਤਰਾਂ ਮੁਤਾਬਿਕ ਸਥਾਨਕ ਵਪਾਰੀ ਵਾਰਡ ਨੰਬਰ 5 ਨਾਲ ਸੰਬੰਧਿਤ ਅਕਾਲੀ ਉਮੀਦਵਾਰ ਦੇ ਪਰਿਵਾਰ ਦਾ ਨਜ਼ਦੀਕੀ ਹੈ, ਇਸ ਲਈ ਚੋਣਾਂ ਵਿਚ ਮਾਹੌਲ ਖ਼ਰਾਬ ਕਰਨ ਦੀ ਕਾਰਵਾਈ ਵਿਰੋਧੀਆਂ ਵਲੋਂ ਇਸ ਨੂੰ ਕਰਾਰ ਦਿੱਤਾ ਗਿਆ ਹੈ। ਜਿਸ ਵੇਲੇ ਟੀਮ ਛਾਪੇਮਾਰੀ ਕਰਨ ਲਈ ਪੁੱਜੀ ਤਾਂ ਉਸ ਸਮੇਂ ਦੁਕਾਨ ’ਤੇ ਸਿਆਸੀ ਪਾਰਟੀਆਂ ਦੇ ਆਗੂ ਵੀ ਪੁੱਜਣੇ ਸ਼ੁਰੂ ਹੋ ਗਏ। ਇਸ ਕਾਰਵਾਈ ਦੌਰਾਨ ਸਿਆਸੀ ਆਗੂ ਆਪਸ ਵਿਚ ਬਹਿਸ ਕਰਦੇ ਵੀ ਦਿਖਾਈ ਦਿੱਤੇ। ਦੂਜੇ ਪਾਸੇ ਛਾਪੇਮਾਰੀ ਕਰਨ ਲਈ ਪੁੱਜੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਡਾਇਰੈਕਟਰ ਜੀ.ਐੱਸ.ਟੀ. ਵਿਭਾਗ ਦੀ ਚਿੱਠੀ ਹੈ, ਜਿਸ ਦੇ ਆਧਾਰ ’ਤੇ ਰੁਟੀਨ ਦੀ ਤਰ੍ਹਾਂ ਇਹ ਛਾਪਾਮਾਰੀ ਕੀਤੀ ਗਈ ਹੈ। ਸਾਡੇ ’ਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ ਹੈ, ਅਸੀਂ ਕਾਨੂੰਨ ਮੁਤਾਬਿਕ ਆਪਣੀ ਕਾਰਵਾਈ ਕਰ ਰਹੇ ਹਾਂ। ਦੂਜੇ ਪਾਸੇ ਛਾਪੇਮਾਰੀ ਦੀ ਘਟਨਾ ਦਾ ਪਤਾ ਚੱਲਣ ’ਤੇ ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਕੇ ’ਤੇ ਪੁੱਜੇ। ਇਸੇ ਦੌਰਾਨ ਹੀ ਵਪਾਰ ਮੰਡਲ ਪ੍ਰਧਾਨ ਬੱਬੂ ਡੋਡਾ ਵਿਚਾਲੇ ਬਹਿਸ ਛਿੜ ਗਈ। ਜਿਸ ਵਿਚ ਕਾਕਾ ਕੰਬੋਜ ਨੇ ਇਸ ਨੂੰ ਸਿਆਸੀ ਰੰਜਸ਼ ਦੱਸਿਆ ਅਤੇ ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ ਨੇ ਤਰਕ ਦਿੱਤਾ ਕਿ ਉਹ ਵਪਾਰ ਮੰਡਲ ਦੇ ਨੁਮਾਇੰਦਾ ਹੋਣ ਨਾਤੇ ਆਪਣੇ ਵਪਾਰੀ ਸਾਥੀ ਦੇ ਸੱਦੇ ’ਤੇ ਆਏ ਹਨ ਅਤੇ ਪਹਿਲਾਂ ਵੀ ਹਰ ਵਪਾਰੀ ਦੇ ਸੱਦੇ ’ਤੇ ਪੁੱਜਦੇ ਹਨ, ਮੈ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਵਪਾਰੀ ਦੀ ਮਦਦ ਲਈ ਆਇਆ ਹਾਂ, ਇਸ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ। ਦੂਜੇ ਪਾਸੇ ਅਸ਼ੋਕ ਅਨੇਜਾ, ਕਾਕਾ ਕੰਬੋਜ ਨੇ ਇਸ ਨੂੰ ਚੋਣਾਂ ਤੋਂ ਦੋ ਦਿਨ ਪਹਿਲਾਂ ਕਾਰਵਾਈ ਨੂੰ ਸਿਆਸੀ ਰੰਜਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਵਿਧਾਇਕ ਗੋਲਡੀ ਕੰਬੋਜ ਸਾਫ਼ ਸੁਥਰੀ ਚੋਣ ਦੇ ਦਾਅਵੇ ਕਰ ਰਹੇ ਹਨ, ਦੂਜੇ ਪਾਸੇ ਹੋਰਨਾਂ ਪਾਰਟੀਆਂ ਦੇ ਵਪਾਰੀ ਆਗੂਆਂ ਨੂੰ ਡਰਾਇਆ ਦਬਕਾਇਆ ਜਾ ਰਿਹਾ ਹੈ।