ਮੰਡੀ ਰੋੜਾਂਵਾਲੀ, 3 ਜੁਲਾਈ (ਮਨਜੀਤ ਸਿੰਘ ਬਰਾੜ)-ਇਕ ਪਾਸੇ ਸਰਕਾਰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ, ਪ੍ਰੰਤੂ ਦੂਸਰੇ ਪਾਸੇ ਬਿਜਲੀ ਵਿਭਾਗ ਦੇ ਮੁਲਾਜ਼ਮ ਹਰੇ ਭਰੇ ਦਰੈਖ਼ਤਾਂ ਨੂੰ ਮੁੱਢੋਂ ਕੱਟ ਕੇ ਵਾਤਾਵਰਨ ਪ੍ਰੇਮੀਆਂ ਦੇ ਦਿਲਾਂ ਨੂੰ ਜਿੱਥੇ ਸੱਟ ਮਾਰ ਰਹੇ ਹਨ, ਉੱਥੇ ਵਾਤਾਵਰਨ ਨੂੰ ਦੂਸ਼ਿਤ ਕਰਨ ਲਈ ਲੱਗੇ ਹੋਏ ਹਨ। ਜਾਣਕਾਰੀ ਦਿੰਦਿਆਂ ਮੰਡੀ ਰੋੜਾਂਵਾਲੀ ਦੇ ਵਾਤਾਵਰਨ ਪ੍ਰੇਮੀ ਭੋਲਾ ਮੱਕੜ, ਜੱਜ ਸਿੰਘ ਨਾਰੰਗ, ਸੁਨੀਲ ਕੁਮਾਰ, ਪਰਮਿੰਦਰ ਸਿੰਘ ਪੰਮਾ, ਕਰਤਾਰ ਸਿੰਘ ਸਮੇਤ ਵਾਟਰ ਵਰਕਸ ਦੇ ਮੁਲਾਜ਼ਮ ਵਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਰੋੜਾਂਵਾਲੀ ਦੇ ਵਾਟਰ ਵਰਕਸ ਦੀ ਖ਼ਾਲੀ ਜਗਾ ਵਿਚ ਇੱਕ ਵੱਡਾ ਦਰਖ਼ਤ ਲੱਗਿਆ ਹੋਇਆ ਸੀ। ਇਸ ਦਰਖ਼ਤ ਨੂੰ ਬਿਜਲੀ ਮੁਲਾਜ਼ਮਾਂ ਵਲੋਂ ਬੀਤੀ ਕੱਲ੍ਹ ਸ਼ਾਮ ਨੂੰ ਬਿਨਾਂ ਕਿਸੇ ਨੂੰ ਦੱਸਿਆਂ, ਬਿਨਾਂ ਕਿਸੇ ਦੀ ਇਜਾਜ਼ਤ ਲਿਆ ਵੱਢ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਸਮੇਂ ਇਸ ਦਾ ਪਤਾ ਚੱਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਜੇਕਰ ਉਕਤ ਦਰਖ਼ਤ ਦੀਆਂ ਕੁੱਝ ਟਹਿਣੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗਦੀਆਂ ਸਨ ਤਾਂ ਬਿਜਲੀ ਮੁਲਾਜ਼ਮਾਂ ਨੂੰ ਚਾਹੀਦਾ ਸੀ ਕਿ ਉਹ ਟਹਿਣੀਆਂ ਨੂੰ ਵੱਢਦੇ ਪਰ ਉਨ੍ਹਾਂ ਨੇ ਤਾਂ ਪੂਰੇ ਦਰਖ਼ਤ ਨੂੰ ਹੀ ਮੁੱਢ ਤੋਂ ਵੱਢ ਦਿੱਤਾ ਗਿਆ ਹੈ। ਵਾਤਾਵਰਨ ਪ੍ਰੇਮੀਆਂ ਸਮੇਤ ਜਲ ਵਿਭਾਗ ਦੇ ਕਰਮਚਾਰੀ ਵਲੋਂ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਹਰੇ ਭਰੇ ਦਰਖ਼ਤ ਨੂੰ ਵੱਢਣ ਵਾਲੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।