ਜਲਾਲਾਬਾਦ, 3 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼ਹਿਰ ਵਿਚ 5 ਜੁਲਾਈ ਨੂੰ ਹੋਣ ਵਾਲੀ ਨਗਰ ਕੌਂਸਲ ਚੋਣ ਲਈ ਪ੍ਰਚਾਰ ਕਰਨ ਦਾ ਆਖ਼ਰੀ ਦਿਨ ਸੀ। ਪੰਜਾਬ ਪੁਲਿਸ ਸ਼ਹਿਰ ਵਿਚ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਇਆ ਅਤੇ ਪੁਲਿਸ ਪ੍ਰਸ਼ਾਸਨ ਵਲ਼ੋਂ ਸ਼ਹਿਰ ਵਿਚ ਫਲੈਗ ਮਾਰਚ ਵੀ ਕੀਤਾ ਗਿਆ। ਇਸ ਮਾਰਚ ਦਾ ਮੁੱਖ ਉਦੇਸ਼ ਵੋਟਰਾਂ ਵਿਚ ਵਿਸ਼ਵਾਸ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਪਸ਼ਟ ਸੰਦੇਸ਼ ਦੇਣਾ ਸੀ। ਡੀ ਐੱਸ ਪੀ ਜਲਾਲਾਬਾਦ ਗੁਰਸੇਵਕ ਸਿੰਘ ਨੇ ਇਸ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਸੁਰੱਖਿਆ ਵਿਵਸਥਾ ਦੀ ਕਮਾਨ ਸੰਭਾਲੀ। ਇਸ ਸੁਰੱਖਿਆ ਮੁਹਿੰਮ ਦੌਰਾਨ ਡੀ ਐੱਸ ਪੀ ਗੁਰਸੇਵਕ ਸਿੰਘ ਨੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀ ਸੀ ਫ਼ਾਜ਼ਿਲਕਾ ਅਤੇ ਐੱਸ. ਐੱਸ. ਪੀ. ਫ਼ਾਜ਼ਿਲਕਾ ਗਗਨ ਅਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦਿਆਂ ਕਿਹਾ ਕਿ ਪੁਲਿਸ ਬਲ ਪੂਰੀ ਤਰ੍ਹਾਂ ਅਲਰਟ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਮਤਦਾਨ ਕੇਂਦਰਾਂ ਤੱਕ ਪਹੁੰਚਣ ਅਤੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ। ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸਮੇਂ ਤਿਆਰ ਹੈ ਅਤੇ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਲੈਗ ਮਾਰਚ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਾਫ਼ਲਾ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਗੁਜ਼ਰਿਆ, ਜਿਸ ਵਿਚ ਥਾਣਾ ਸਿਟੀ ਇੰਚਾਰਜ ਅਤੇ ਥਾਣਾ ਸਦਰ ਇੰਚਾਰਜ ਸਮੇਤ ਪੁਲਿਸ ਦੀਆਂ ਵੱਖ-ਵੱਖ ਚੌਕੀਆਂ ਦੇ ਇੰਚਾਰਜ ਵੀ ਸ਼ਾਮਲ ਸਨ। ਸੁਰੱਖਿਆ ਦੇ ਇਸ ਪ੍ਰਦਰਸ਼ਨ ਰਾਹੀਂ ਪ੍ਰਸ਼ਾਸਨ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਚੋਣਾਂ ਦੌਰਾਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਕੋਈ ਕਸਰ ਨਹੀਂ ਛੱਡੇਗੀ।