ਫ਼ਾਜ਼ਿਲਕਾ, 8 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਹੋਈ ਚੋਣ ਅੰਦਰ ਸ੍ਰੀਮਤੀ ਸਲਮਾ ਰਾਣੀ ਸਰਬਸੰਮਤੀ ਨਾਲ ਚੇਅਰਪਰਸਨ ਚੁਣੇ ਗਏ। ਜਦ ਕਿ ਸ੍ਰੀਮਤੀ ਇੰਦਰਾ ਦੇਵੀ ਸਰਬਸੰਮਤੀ ਨਾਲ ਵਾਈਸ ਚੇਅਰਪਰਸਨ ਚੁਣੇ ਗਏ। ਇਹ ਚੋਣ ਏ.ਡੀ.ਸੀ.ਡੀ.ਜਗਵਿੰਦਰਜੀਤ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਹੋਈ। ਸ੍ਰੀਮਤੀ ਸਲਮਾ ਰਾਣੀ ਪਤਨੀ ਪਰਮਜੀਤ ਸਿੰਘ ਜੋ ਕਿ ਚੇਅਰਪਰਸਨ ਚੁਣੇ ਗਏ ਹਨ, ਉਹ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਘੁਬਾਇਆ ਜ਼ੋਨ ਤੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਣੇ ਸਨ। ਵਾਈਸ ਚੇਅਰਪਰਸਨ ਸ੍ਰੀਮਤੀ ਇੰਦਰਾ ਪਤਨੀ ਸੁਭਾਸ਼ ਚੰਦਰ ਜੋ ਕਿ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਣੇ ਸਨ। ਇਸ ਮੌਕੇ ’ਤੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਇਨ੍ਹਾਂ ਨੂੰ ਕੁਰਸੀ ’ਤੇ ਬਿਠਾਇਆ। ਵਿਧਾਇਕ ਗੋਲਡੀ ਕੰਬੋਜ ਅਤੇ ਵਿਧਾਇਕ ਸਵਨਾ ਨੇ ਇਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ’ਤੇ ਬੋਲਦਿਆਂ ਵਿਧਾਇਕ ਗੋਲਡੀ ਕੰਬੋਜ, ਵਿਧਾਇਕ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕੋ ਨਾਅਰਾ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਇਸ ਸਰਕਾਰ ਅੰਦਰ ਹਰੇਕ ਅਹੁਦਾ ਆਮ ਵਰਕਰ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਫ਼ਾਜ਼ਿਲਕਾ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਆਮ ਘਰਾਂ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੂੰ ਕੁਰਸੀ ’ਤੇ ਬਿਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਅੰਦਰ ਲੱਖਾਂ ਰੁਪਏ ਦੇ ਕੇ ਇਹ ਅਹੁਦੇ ਮਿਲਦੇ ਸਨ। ਉਨ੍ਹਾਂ ਕਿਹਾ ਕਿ ਇਹ ਹੀ ਫ਼ਰਕ ਹੈ ਰਵਾਇਤੀ ਸਿਆਸੀ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਵਿਚਕਾਰ। ਇਸ ਮੌਕੇ ’ਤੇ ਜ਼ਿਲ੍ਹੇ ਭਰ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਚੁਣੇ ਗਏ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।