ਫ਼ਾਜ਼ਿਲਕਾ, 8 ਜੁਲਾਈ (ਦਵਿੰਦਰ ਪਾਲ ਸਿੰਘ)-ਮਾਂ-ਬੱਚਾ ਸਿਹਤ ਪ੍ਰੋਗਰਾਮ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਵਲੋਂ ਜ਼ਿਲ੍ਹੇ ਵਿਚ ਚੱਲ ਰਹੇ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਐਨ.ਐਮ. ਸਟਾਫ਼ ਅਤੇ ਆਸ਼ਾ ਵਰਕਰਾਂ ਵੀ ਹਾਜ਼ਰ ਸਨ। ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿਚ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਅਤੇ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ ਅਤੇ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਸਰਕਾਰੀ ਟੀਕਾਕਰਨ ਸੂਚੀ ਅਨੁਸਾਰ ਲੱਗਣ ਵਾਲੇ ਟੀਕਿਆਂ ਰਾਹੀਂ 12 ਘਾਤਕ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਨਵਜੰਮੇ ਬੱਚੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦਾ ਨਿਯਮਤ ਟੀਕਾਕਰਨ ਕਰਵਾ ਕੇ ਪੋਲੀਓ, ਗਲਘੋਟੂ, ਕਾਲੀ ਖੰਘ, ਟੈੱਟਨਸ, ਦਿਮਾਗ਼ੀ ਬੁਖ਼ਾਰ, ਪੀਲੀਆ, ਖ਼ਸਰਾ, ਰੂਬੇਲਾ ਅਤੇ ਨਮੂਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਗਰਭਵਤੀ ਔਰਤਾਂ, ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ, ਗਰਭਵਤੀ ਔਰਤ ਅਤੇ ਨਵਜੰਮੇ ਬੱਚੇ ਦੀ ਦੇਖਭਾਲ, ਦੁੱਧ ਪਿਲਾਉਣ ਦੇ ਸਹੀ ਤਰੀਕੇ, ਜਣੇਪੇ ਦੇ ਸਮੇਂ ਦੀਆਂ ਤਿਆਰੀਆਂ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਰੁਟੀਨ ਟੀਕਾਕਰਨ ਦੇ ਨਾਲ-ਨਾਲ ਐੱਚ.ਪੀ.ਵੀ.ਟੀਕਾਕਰਨ ਵੀ ਕੀਤਾ ਜਾ ਰਿਹਾ ਹੈ। ਇਹ ਵੈਕਸੀਨ 14 ਤੋਂ 15 ਸਾਲ ਦੀਆਂ ਲੜਕੀਆਂ ਨੂੰ ਹਿਊਮਨ ਪੈਪਿਲੋਮਾ ਵਾਇਰਸ ਤੋਂ ਬਚਾਉਣ ਵਿਚ ਸਹਾਈ ਹੁੰਦੀ ਹੈ। ਇਹ ਵਾਇਰਸ ਔਰਤਾਂ ਵਿਚ ਸਰਵਾਈਕਲ ਕੈਂਸਰ ਯਾਨੀ ਬੱਚੇਦਾਨੀ ਦੇ ਕੈਂਸਰ ਦਾ ਕਾਰਨ ਬਣਦਾ ਹੈ। ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ’ਚ ਮਾਪਿਆਂ ਦਾ ਭਰੋਸਾ ਵਧਿਆ ਹੈ, ਜਿਸ ਕਾਰਨ ਪਿਛਲੇ ਦਿਨੀਂ ਪੂਰੇ ਜ਼ਿਲ੍ਹੇ ਦੀਆਂ ਲਗਭਗ 85 ਲੜਕੀਆਂ ਨੇ ਇਕੋ ਦਿਨ ਟੀਕਾਕਰਨ ਕਰਵਾਇਆ ਹੈ। ਇਹ ਮੁਹਿੰਮ 31 ਅਗਸਤ ਤੱਕ ਜਾਰੀ ਰਹੇਗੀ, ਜਿਸ ਨੂੰ ਸਫਲ ਬਣਾਉਣ ਲਈ ਫ਼ੀਲਡ ਸਟਾਫ਼, ਐਨ.ਐਮ.ਅਤੇ ਆਸ਼ਾ ਵਰਕਰਾਂ ਆਪਣਾ ਸਹਿਯੋਗ ਦੇ ਰਹੀਆਂ ਹਨ। ਇਸ ਮੌਕੇ ਅਧਿਕਾਰੀਆਂ ਵਲੋਂ ਸਟਾਫ਼ ਦੇ ਟੀਕਾਕਰਨ ਰਿਕਾਰਡ ਦੀ ਚੈਕਿੰਗ ਵੀ ਕੀਤੀ ਗਈ।