ਅਬੋਹਰ, 9 ਜੁਲਾਈ(ਵਿਵੇਕ ਹੂੜੀਆ)-ਸਥਾਨਕ ਰਾਜੀਵ ਨਗਰ ਸਥਿਤ ਵਾਰਡ ਨੰਬਰ 27 ਦੇ ਭਾਜਪਾ ਕੌਂਸਲਰ ਅਤੇ ਮਸ਼ਹੂਰ ਡਾ. ਮੁਕੇਸ਼ ਦੇ ਕਲੀਨਿਕ ’ਤੇ ਬੀਤੀ ਦੁਪਹਿਰ ਕੁੱਝ ਨੌਜਵਾਨਾਂ ਵਲੋਂ ਅਚਾਨਕ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਵਲੋਂ ਕਲੀਨਿਕ ’ਤੇ ਕੀਤੇ ਗਏ ਪਥਰਾਅ ਕਾਰਨ ਕੈਬਿਨ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਸ ਘਟਨਾ ਵਿਚ ਕਲੀਨਿਕ ’ਤੇ ਮੌਜੂਦ ਡਾ. ਮੁਕੇਸ਼ ਦੇ ਭਰਾ ਜਸਵੀਰ ਉਰਫ਼ ਜੋਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੇ ਸਮੇਂ ਡਾ. ਮੁਕੇਸ਼ ਕਲੀਨਿਕ ਵਿਚ ਮੌਜੂਦ ਨਹੀਂ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਪੀੜਤ ਪਰਿਵਾਰ ਅਨੁਸਾਰ ਹਮਲਾਵਰਾਂ ਨੇ ਕਲੀਨਿਕ ’ਤੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਡਾ.ਮੁਕੇਸ਼ ਬਾਰੇ ਪੁੱਛਿਆ ਅਤੇ ਫਿਰ ਬਿਨਾਂ ਕੋਈ ਗੱਲ ਕੀਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਹਮਲੇ ਵਿਚ ਕਲੀਨਿਕ ਦੇ ਨਾਲ ਲੱਗਦੇ ਇਕ ਮੈਡੀਕਲ ਸਟੋਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਗਲੀ ਨੰਬਰ 18 ਵਿਚ ਹੋਏ ਇਕ ਵਿਵਾਦ ਤੋਂ ਬਾਅਦ ਡਾ. ਮੁਕੇਸ਼ ਨੇ ਕੁੱਝ ਨੌਜਵਾਨਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੀ ਰੰਜਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਸੰਦੀਪ ਜਾਖੜ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਜਸਵੀਰ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਡਾ.ਮੁਕੇਸ਼ ਨੇ ਵਿਧਾਇਕ ਨੂੰ ਦੱਸਿਆ ਕਿ ਕਰੀਬ ਇਕ ਹਫ਼ਤਾ ਪਹਿਲਾਂ ਉਨ੍ਹਾਂ ਨੇ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਜਾਮ ਭੁਗਤਣ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਹੁਣ ਇਹ ਹਮਲਾ ਉਸੇ ਕਾਰਨ ਕੀਤਾ ਗਿਆ ਹੈ। ਵਿਧਾਇਕ ਸੰਦੀਪ ਜਾਖੜ ਨੇ ਪੁਲਿਸ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਪੁਲਿਸ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਦੀ ਅਪੀਲ ਕਰਦੀ ਹੈ, ਪਰ ਦੂਜੇ ਪਾਸੇ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਰਹੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸ਼ਿਕਾਇਤਕਰਤਾਵਾਂ ’ਤੇ ਹੀ ਅਜਿਹੇ ਹਮਲੇ ਹੁੰਦੇ ਰਹੇ ਤਾਂ ਆਮ ਲੋਕ ਅੱਗੇ ਆਉਣ ਤੋਂ ਡਰਨਗੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਥਾਣਾ ਮੁਖੀ ਰਵਿੰਦਰ ਭੀਟੀ ਨੇ ਘਟਨਾ ਸਥਾਨ ਦਾ ਨਿਰੀਖਣ ਕਰਨ ਤੋਂ ਬਾਅਦ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ ਫੁਟੇਜ ਖੰਘਾਲੇ ਜਾ ਰਹੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।