ਅਬੋਹਰ, 25 ਜੁਲਾਈ (ਵਿਵੇਕ ਹੂੜੀਆ)-ਪਿਛਲੇ ਦੋ ਦਿਨਾਂ ਤੋਂ ਹੋਈ ਭਾਰੀ ਬਾਰਸ਼ ਨੇ ਸ਼ਹਿਰ ਵਿਚ ਬਿਜਲੀ ਵਿਭਾਗ ਅਤੇ ਸੀਵਰੇਜ ਵਿਵਸਥਾ ਦੀ ਗੰਭੀਰ ਲਾਪਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਰਸ਼ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਲ-ਭਰਾਅ ਅਤੇ ਖੁੱਲ੍ਹੇ ਜਾਂ ਖ਼ਰਾਬ ਬਿਜਲੀ ਮੀਟਰ ਬਕਸਿਆਂ ਵਿਚ ਕਰੰਟ ਆਉਣ ਕਾਰਨ ਅੱਧਾ ਦਰਜਨ ਤੋਂ ਵੱਧ ਬੇਸਹਾਰਾ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ ਵਾਪਰ ਰਹੀਆਂ ਇਹ ਘਟਨਾਵਾਂ ਨਾ ਕੇਵਲ ਲੋਕਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀਆਂ ਹਨ, ਬਲਕਿ ਇਹ ਵੀ ਸਪਸ਼ਟ ਕਰਦੀਆਂ ਹਨ ਕਿ ਸਬੰਧਿਤ ਵਿਭਾਗ ਸਮਾਂ ਰਹਿੰਦੇ ਲੋੜੀਂਦੀ ਦੇਖਭਾਲ ਅਤੇ ਸੁਰੱਖਿਆ ਇੰਤਜ਼ਾਮ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਸਭ ਤੋਂ ਗੰਭੀਰ ਘਟਨਾ ਸੁਭਾਸ਼ ਨਗਰ ਦੇ ਵਾਰਡ ਨੰਬਰ-11 ਵਿਚ ਸਾਹਮਣੇ ਆਈ, ਜਿੱਥੇ ਬਾਰਸ਼ ਦੇ ਖੜੇ ਪਾਣੀ ਵਿਚ ਕਰੰਟ ਫੈਲਣ ਕਾਰਨ ਚਾਰ ਗਊ ਵੰਸ਼ਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਅਗਲੇ ਹੀ ਦਿਨ ਇਕ ਹੋਰ ਇਲਾਕੇ ਵਿਚ ਬਿਜਲੀ ਮੀਟਰ ਦੇ ਬਕਸੇ ਵਿਚ ਕਰੰਟ ਆਉਣ ਨਾਲ ਇਕ ਹੋਰ ਗਾਂ ਦੀ ਜਾਨ ਚਲੀ ਗਈ। ਰਾਹਤ ਦੀ ਗੱਲ ਸਿਰਫ਼ ਇੰਨੀ ਰਹੀ ਕਿ ਇਨ੍ਹਾਂ ਹਾਦਸਿਆਂ ਦੀ ਲਪੇਟ ਵਿਚ ਕੋਈ ਇਨਸਾਨ ਨਹੀਂ ਆਇਆ, ਨਹੀਂ ਤਾਂ ਕੋਈ ਵੱਡੀ ਤ੍ਰਾਸਦੀ ਵਾਪਰ ਸਕਦੀ ਸੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸ਼ਹਿਰ ਵਿਚ ਵੱਡੀ ਗਿਣਤੀ ’ਚ ਬਿਜਲੀ ਮੀਟਰਾਂ ਦੇ ਬਕਸੇ ਟੁੱਟੇ ਹੋਏ ਹਨ ਜਾਂ ਜ਼ਮੀਨ ਦੇ ਬਿਲਕੁਲ ਨਜ਼ਦੀਕ ਲੱਗੇ ਹੋਏ ਹਨ। ਬਾਰਸ਼ ਦੌਰਾਨ ਇਨ੍ਹਾਂ ਵਿਚ ਪਾਣੀ ਭਰਨ ਨਾਲ ਕਰੰਟ ਫੈਲਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਕਈ ਥਾਵਾਂ ’ਤੇ ਮੀਟਰ ਬਾਕਸ ਖੁੱਲ੍ਹੇ ਪਏ ਹਨ, ਪਰ ਬਿਜਲੀ ਵਿਭਾਗ ਵਲੋਂ ਇਨ੍ਹਾਂ ਦੀ ਮੁਰੰਮਤ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਦੂਜੇ ਪਾਸੇ ਨਗਰ ਨਿਗਮ ਦੀ ਲਾਪਰਵਾਹੀ ਵੀ ਲੋਕਾਂ ਲਈ ਨਵੀਂ ਮੁਸੀਬਤ ਬਣ ਗਈ ਹੈ। ਮ੍ਰਿਤਕ ਪਸ਼ੂਆਂ ਨੂੰ ਚੁੱਕਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਪੱਧਰ ’ਤੇ 1000 ਤੋਂ 1500 ਰੁਪਏ ਖ਼ਰਚ ਕੇ ਇਨ੍ਹਾਂ ਨੂੰ ਹਟਵਾਉਣਾ ਪੈ ਰਿਹਾ ਹੈ। ਲੰਮੇ ਸਮੇਂ ਤੋਂ ਠੇਕਾ ਨਾ ਹੋਣ ਕਾਰਨ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪਸ਼ੂਆਂ ਦੀਆਂ ਮ੍ਰਿਤਕ ਦੇਹਾਂ ਕਈ-ਕਈ ਘੰਟੇ ਸੜਕਾਂ ’ਤੇ ਪਈਆਂ ਰਹਿਣ ਕਾਰਨ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸਥਿਤੀ ਨੂੰ ਹੋਰ ਗੰਭੀਰ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਹੜਤਾਲ ਨੇ ਬਣਾ ਦਿੱਤਾ ਹੈ। ਸਫ਼ਾਈ ਠੱਪ ਹੋਣ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹਨ ਅਤੇ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਬਾਰਸ਼ ਦਾ ਪਾਣੀ ਨਿਕਲ ਨਹੀਂ ਰਿਹਾ, ਜਿਸ ਨਾਲ ਬਿਜਲੀ ਹਾਦਸਿਆਂ ਦਾ ਖ਼ਤਰਾ ਹੋਰ ਵਧ ਗਿਆ ਹੈ। ਇਸ ਮਾਮਲੇ ਵਿਚ ਕਾਂਗਰਸ ਦੇ ਸੀਨੀਅਰ ਜ਼ਿਲ੍ਹਾ ਉਪ ਪ੍ਰਧਾਨ ਸੁਧੀਰ ਭਾਦੂ ਨੇ ਪ੍ਰਸ਼ਾਸਨ ਅਤੇ ਜਨ ਪ੍ਰਤੀਨਿਧੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਅਬੋਹਰ ਦੇ ਲੋਕ ਜਾਨ-ਮਾਲ ਦਾ ਨੁਕਸਾਨ ਝੱਲ ਰਹੇ ਹਨ, ਤਾਂ ਸਿਆਸੀ ਪਾਰਟੀਆਂ ਦੋਸ਼-ਮੜ੍ਹਨ ਦੀ ਰਾਜਨੀਤੀ ਵਿਚ ਕਿਉਂ ਉਲਝੀਆਂ ਹੋਈਆਂ ਹਨ? ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ-11 ਸਮੇਤ ਸਾਰੇ ਜਲ-ਭਰਾਅ ਵਾਲੇ ਖੇਤਰਾਂ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਟੁੱਟੇ ਬਾਕਸ ਬਦਲੇ ਜਾਣ, ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਮ੍ਰਿਤਕ ਪਸ਼ੂਆਂ ਨੂੰ ਚੁੱਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।