ਅਬੋਹਰ, 28 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਬਜੀਦਪੁਰ ਭੋਮਾ ਦੇ ਸ਼ਮਸ਼ਾਨਘਾਟ ਨਾਲ ਜੁੜੇ ਚੱਲ ਰਹੇ ਵਿਵਾਦ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਜਿੰਦਰ ਕੌਰ ਨੇ ਪਿੰਡ ਦਾ ਦੌਰਾ ਕਰਕੇ ਪੀੜਤ ਸਮਾਜ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸ਼ਮਸ਼ਾਨ ਘਾਟ ਦਾ ਵੀ ਜਾਇਜ਼ਾ ਲਿਆ ਅਤੇ ਮੌਕੇ ’ਤੇ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਪੀੜਤ ਪਰਿਵਾਰਾਂ ਨੇ ਬੀਬੀ ਰਜਿੰਦਰ ਕੌਰ ਨੂੰ ਦੱਸਿਆ ਕਿ ਪਿੰਡ ਦੀ ਇਕ ਧਿਰ ਵਲੋਂ ਆਪਣੇ ਵਡੇਰਿਆਂ ਦਾ ਅੰਤਿਮ ਸੰਸਕਾਰ ਰਵਾਇਤੀ ਸ਼ਮਸ਼ਾਨ ਘਾਟ ਵਿਚ ਕਰਨ ਦੀ ਬਜਾਏ ਹੋਰ ਥਾਂ ਦਫ਼ਨਾਇਆ ਜਾਂਦਾ ਹੈ। ਉਕਤ ਜਗ੍ਹਾ ਨੂੰ ਖੇਡ ਮੈਦਾਨ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਵਿਚ ਵਡੇਰਿਆਂ ਦੀ ਹੱਡੀਆਂ ਖਿਲਾਰ ਕੇ ਬੇਅਦਬੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪਿੰਡ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੀਬੀ ਰਜਿੰਦਰ ਕੌਰ ਨੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਸਾਰੇ ਪੱਖਾਂ ਨੂੰ ਆਪਸੀ ਭਾਈਚਾਰਾ ਅਤੇ ਸਦਭਾਵਨਾ ਕਾਇਮ ਰੱਖਦਿਆਂ ਇਸ ਮਸਲੇ ਦਾ ਜਲਦ ਅਤੇ ਸਥਾਈ ਹੱਲ ਕੱਢਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਰਗ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਹਰ ਨਾਗਰਿਕ ਨੂੰ ਆਪਣੇ ਵਡੇਰਿਆਂ ਦਾ ਸਨਮਾਨ ਨਾਲ ਅੰਤਿਮ ਸੰਸਕਾਰ ਕਰਨ ਦਾ ਪੂਰਾ ਹੱਕ ਹੈ। ਬੀਬੀ ਰਜਿੰਦਰ ਕੌਰ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਮਾਮਲੇ ਨੂੰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਜਾਵੇਗਾ ਤਾਂ ਜੋ ਪਿੰਡ ਵਿਚ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਿਆ ਰਹੇ ਅਤੇ ਪ੍ਰਭਾਵਿਤ ਲੋਕਾਂ ਨੂੰ ਇਨਸਾਫ਼ ਮਿਲ ਸਕੇ।