ਫ਼ਾਜ਼ਿਲਕਾ, 28 ਜੁਲਾਈ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ (ਲੜਕੇ) ਵਿਖੇ ‘ਹੈਪੇਟਾਈਟਸ ਆਓ ਇਸ ਨੂੰ ਤੋੜੀਏ’ ਥੀਮ ਹੇਠ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਡਾ. ਗਾਇਤਰੀ ਪੁਜਾਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜ ਦੀ ਬਿਮਾਰੀ ਹੈ, ਜੋ ਕਿ ਦੂਸ਼ਿਤ ਪਾਣੀ, ਖਾਣ-ਪੀਣ, ਸੰਕ੍ਰਮਿਤ ਸੂਈਆਂ ਅਤੇ ਅਸੁਰੱਖਿਅਤ ਸਰੀਰਕ ਸੰਬੰਧਾਂ ਕਾਰਨ ਫੈਲਦੀ ਹੈ। ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਬੁਖ਼ਾਰ, ਥਕਾਵਟ, ਭੁੱਖ ਨਾ ਲੱਗਣਾ, ਉਲਟੀਆਂ, ਪੇਟ ਦਰਦ ਅਤੇ ਪੀਲੀਆ ਇਸ ਦੇ ਮੁੱਖ ਲੱਛਣ ਹਨ । ਉਨ੍ਹਾਂ ਕਿਹਾ ਕਿ ਸਫ਼ਾਈ ਰੱਖ ਕੇ, ਸਿੰਗਲ-ਯੂਜ਼ ਸਰਿੰਜਾਂ ਦੀ ਵਰਤੋਂ ਕਰਕੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ‘ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਰਿਲੀਫ ਫ਼ੰਡ’ ਤਹਿਤ ਇਸ ਦਾ ਮੁਫ਼ਤ ਟੈੱਸਟ ਅਤੇ ਇਲਾਜ ਉਪਲਬਧ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਬੀ.ਈ.ਈ. ਦਿਵੇਸ਼ ਕੁਮਾਰ, ਪ੍ਰਿੰਸੀਪਲ ਹਰੀ ਚੰਦ ਕੰਬੋਜ ਅਤੇ ਲੈਕਚਰਾਰ ਸੰਦੀਪ ਅਨੇਜਾ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਬੱਚਿਆਂ ਦੇ ਨਿਰੋਈ ਸਿਹਤ ਅਤੇ ਸੁਖਾਵੇਂ ਭਵਿੱਖ ਲਈ ਬਹੁਤ ਜ਼ਰੂਰੀ ਹਨ।