ਪੀ . ਐੱਸ . ਟੈੱਟ ਯੂਨੀਅਨ ਵਲੋਂ ਐੱਸ . ਸੀ . ਈ . ਆਰ . ਟੀ . ਵਲੋਂ ਜਾਰੀ ਦੁਬਾਰਾ ਨਤੀਜੇ ਨੂੰ 26 ਅਗਸਤ ਦੀ ਹਾਈਕੋਰਟ ਸੁਣਵਾਈ ਦੌਰਾਨ ਚੁਣੌਤੀ ਦੇਣ ਦਾ ਐਲਾਨ
ਫ਼ਾਜ਼ਿਲਕਾ, 21 ਅਗਸਤ(ਅਮਰਜੀਤ ਸ਼ਰਮਾ)-ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਦੇ ਸਾਰੇ ਵਿਸ਼ਿਆਂ ਦੇ ਨਤੀਜੇ ਮੁੜ ਜਾਰੀ ਕਰਨ ਦੇ ਹਾਈਕੋਰਟ ਵਲੋਂ ਦਿੱਤੇ ਹੁਕਮਾਂ ਤੋਂ ਬਾਅਦ ਐੱਸ. ਸੀ.
ਫ਼ਾਜ਼ਿਲਕਾ, 21 ਅਗਸਤ(ਅਮਰਜੀਤ ਸ਼ਰਮਾ)-ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਦੇ ਸਾਰੇ ਵਿਸ਼ਿਆਂ ਦੇ ਨਤੀਜੇ ਮੁੜ ਜਾਰੀ ਕਰਨ ਦੇ ਹਾਈਕੋਰਟ ਵਲੋਂ ਦਿੱਤੇ ਹੁਕਮਾਂ ਤੋਂ ਬਾਅਦ ਐੱਸ.ਸੀ.ਈ.ਆਰ.ਟੀ. ਬੋਰਡ ਵਲੋਂ 13 ਅਗਸਤ ਨੂੰ ਦੁਬਾਰਾ ਨਤੀਜਾ ਤਾਂ ਘੋਸ਼ਿਤ ਕਰ ਦਿੱਤਾ ਗਿਆ, ਪਰ ਜਿਨ੍ਹਾਂ ਪ੍ਰਸ਼ਨਾਂ ’ਤੇ ਉਮੀਦਵਾਰਾਂ ਵਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰਿੱਟ ਪਟੀਸ਼ਨ ਪਾਈ ਗਈ ਸੀ, ਉਨ੍ਹਾਂ ਨੂੰ ਬੋਰਡ ਅਧਿਕਾਰੀਆਂ ਵਲੋਂ ਅਜੇ ਵੀ ਅਣਗੌਲਿਆ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐੱਸ. ਟੈਟ ਯੂਨੀਅਨ ਦੇ ਸੂਬਾ ਆਗੂ ਰਾਹੁਲ ਕੰਬੋਜ ਨੇ ਦੱਸਿਆ ਕਿ ਆਉਣ ਵਾਲੀ 26 ਅਗਸਤ ਦੀ ਹਾਈਕੋਰਟ ਸੁਣਵਾਈ ਦੌਰਾਨ ਇਸ ਘੋਸ਼ਿਤ ਨਤੀਜੇ ਨੂੰ ਮੁੜ ਚੁਨੌਤੀ ਦਿੱਤੀ ਜਾਵੇਗੀ। ਉਨ੍ਹਾਂ ਬੋਰਡ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਨਤੀਜੇ ’ਤੇ ਤੁਰੰਤ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਈ.ਟੀ.ਟੀ. ਅਤੇ ਬੀ.ਐੱਡ ਪਾਸ ਬੇਰੁਜ਼ਗਾਰ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਨਾ ਪਵੇ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰੀਖਿਆ ਵਿਚ ਪੁੱਛੇ ਗਏ ਬਹੁਤੇ ਪ੍ਰਸ਼ਨਾਂ ਦੇ ਹੋਰ ਉੱਤਰ ਬਣਨ ਦੀ ਪੂਰੀ ਸੰਭਾਵਨਾ ਹੈ, ਜਿਸ ਕਾਰਨ ਨਤੀਜੇ ਦੀ ਮੁੜ ਸੁਧਾਈ ਬਹੁਤ ਜ਼ਰੂਰੀ ਹੈ। ਰਾਹੁਲ ਕੰਬੋਜ ਨੇ ਦੱਸਿਆ ਕਿ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਪਹਿਲਾਂ 7 ਅਪ੍ਰੈਲ ਨੂੰ ਪੀ.ਐੱਸ.ਟੈਟ ਦਾ ਨਤੀਜਾ ਐਲਾਨਿਆ ਗਿਆ ਸੀ, ਜਿਸ ਨਾਲ ਹਜ਼ਾਰਾਂ ਪ੍ਰੀਖਿਆਰਥੀ ਅਸੰਤੁਸ਼ਟ ਸਨ। ਵਿਦਿਆਰਥੀਆਂ ਵਲੋਂ ਬੋਰਡ ਦੀ ਈਮੇਲ ਆਈ.ਡੀ. ’ਤੇ ਪ੍ਰਤੀ ਬੇਨਤੀਆਂ ਭੇਜੀਆਂ ਗਈਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਨਤੀਜਾ ਸੁਧਾਰ ਕੇ ਮੁੜ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਜਦੋਂ ਬੋਰਡ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਯੂਨੀਅਨ ਨੇ ਹਾਈਕੋਰਟ ਦਾ ਰੁੱਖ ਕੀਤਾ। ਹਾਈਕੋਰਟ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੋਰਡ ਨੂੰ ਨਤੀਜੇ ’ਤੇ ਮੁੜ ਵਿਚਾਰ ਕਰਨ ਦੇ ਹੁਕਮ ਦਿੱਤੇ ਗਏ ਸਨ। ਪਰ ਬੋਰਡ ਵਲੋਂ 13 ਅਗਸਤ ਨੂੰ ਜਾਰੀ ਕੀਤੇ ਗਏ ਨਤੀਜੇ ਵਿਚ ਵੀ ਬਣਦੇ ਇਤਰਾਜ਼ਯੋਗ ਪ੍ਰਸ਼ਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਿਸ ਵਿਰੁੱਧ ਯੂਨੀਅਨ 26 ਅਗਸਤ ਨੂੰ ਅਦਾਲਤ ਵਿਚ ਆਪਣਾ ਪੱਖ ਰੱਖੇਗੀ।