ਮਾਨਾਂਵਾਲਾ, 2 ਜਨਵਰੀ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਨਾਲ ਸੰਬਧਿਤ ਸੀਨੀਅਰ ਕਾਂਗਰਸੀ ਆਗੂ, ਕਬੱਡੀ ਜਗਤ ਦੇ ਸਿਰਕੱਢ ਕਬੱਡੀ ਪ੍ਰਮੋਟਰ ਅਤੇ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਹਰਿੰਦਰ ਪਾਲ ਸਿੰਘ ਟਿੱਕਾ ਨਾਰਵੇ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਕਿਸਾਨ ਸੈੱਲ ਦਾ ਸੂਬਾਈ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਨਜ਼ਦੀਕੀ ਸਾਥੀ ਐੱਨ.ਆਰ.ਆਈ. ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਭਾਵੇਂ ਵਿਦੇਸ਼ ਵਿਚ ਰਹਿੰਦਿਆਂ ਕਾਂਗਰਸ ਪਾਰਟੀ ਲਈ ਮਜਬੂਤੀ ਤੇ ਹਰ ਗਤੀਵਿਧੀ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ, ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਚੇਅਰਮੈਨ ਕਿਰਨਜੀਤ ਸਿੰਘ ਸੰਧੂ ਮਿੱਠਾ ਨੇ ਅਹਿਮ ਜਿੰਮੇਵਾਰੀ ਸੌਂਪਦਿਆਂ ਕਾਂਗਰਸ ਕਿਸਾਨ ਸੈੱਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਹੈ | ਵਿਸ਼ਵ ਕਬੱਡੀ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਹਰਿੰਦਰ ਪਾਲ ਸਿੰਘ ਟਿੱਕਾ 1992 ਤੋਂ ਨਿਰੰਤਰ ਕਾਂਗਰਸ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਇਕ ਸਮਾਜ ਸੇਵਕ ਵਜੋਂ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਹਮੇਸ਼ਾਂ ਸਰਗਰਮ ਰਹਿੰਦੇ ਹਨ¢ ਕਾਂਗਰਸ ਪਾਰਟੀ ਲਈ ਪਿੰਡ ਦੀ ਸਿਆਸਤ ਤੋਂ ਹਲਕਾ ਪੱਧਰ ਤੱਕ ਦੀਆਂ ਅਨੇਕਾਂ ਚਣੌਤੀਆਂ ਦਾ ਸਾਹਮਣਾ ਕਰਨ ਵਾਲੇ ਸ.ਹਰਿੰਦਰਪਾਲ ਸਿੰਘ ਟਿੱਕਾ ਨੇ ਆਪਣੀ ਨਿਯੁਕਤੀ ਦੀ ਮੋਬਾਇਲ 'ਤੇ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੂਬਾ ਚੇਅਰਮੈਨ ਕਿਰਨਜੀਤ ਸਿੰਘ ਸੰਧੂ ਮਿੱਠਾ ਸਮੇਤ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਵੇਂ ਸਾਲ ਦੇ ਤੋਹਫੇ ਵਜੋਂ ਸਵੀਕਾਰ ਕਰਦੇ ਹਨ ਅਤੇ ਪਾਰਟੀ ਦੀ ਮਜਬੂਤੀ ਤੇ ਕਿਸਾਨਾਂ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਸੇਵਾ ਕਰਨ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਭਾਵੇਂ ਉਹ ਜ਼ਿਆਦਾ ਸਮਾਂ ਵਿਦੇਸ਼ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦਾ ਦਿਲ ਹਮੇਸ਼ਾਂ ਪੰਜਾਬ ਲਈ ਧੜਕਦਾ ਹੈ ਅਤੇ ਉਹ ਕਾਂਗਰਸ ਪਾਰਟੀ ਤੇ ਪੰਜਾਬ ਦੇ ਭਲੇ ਲਈ ਹਮੇਸ਼ਾਂ ਤੱਤਪਰ ਰਹਿਣਗੇ |