ਅੰਮਿ੍ਤਸਰ, 6 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਮੈਂਬਰ, ਰਾਮਗੜ੍ਹੀਆ ਵੈੱਲਫੇਅਰ ਬੋਰਡ (ਪੰਜਾਬ ਸਰਕਾਰ) ਸਤਨਾਮ ਸਿੰਘ ਮਠਾੜੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਟੀ. ਬੀ. ਹਸਪਤਾਲ ਦੀ ਹਾਲਤ 'ਚ ਵੱਡੇ ਸੁਧਾਰ ਲਈ 35.52 ਕਰੋੜ ਰੁਪਏ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਇਸਦੀ ਟੈਕਨੀਕਲ ਬਿੱਡ ਬੀਤੇ ਦਿਨ ਖੁੱਲ ਚੁੱਕੀ ਹੈ ਅਤੇ ਜਲਦੀ ਹੀ ਪੂਰੀ ਪ੍ਰਕਿਰਿਆ ਮੁਕੰਮਲ ਕਰਕੇ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ | ਮਠਾੜੂ ਨੇ ਦੱਸਿਆ ਕਿ ਟੀ. ਬੀ. ਹਸਪਤਾਲ ਦਾ ਰੂਪ ਪੂਰੀ ਤਰ੍ਹਾਂ ਬਦਲਕੇ ਐਡਵਾਂਸ ਟੈਕਨਾਲੋਜੀ ਨਾਲ ਅਪਗ੍ਰੇਡ ਕੀਤਾ ਜਾਵੇਗਾ | ਨਵੀਂ ਬਣਨ ਵਾਲੀ ਇਮਾਰਤ 'ਚ ਤਿੰਨ ਵੱਖ-ਵੱਖ ਵਿੰਗ ਤਿਆਰ ਕੀਤੇ ਜਾਣਗੇ- ਪਹਿਲਾ ਵਿੰਗ ਮਲਟੀ ਡਰੱਗ ਰਜ਼ਿਸਟੈਂਟ (ਐਮਡੀਆਰ) ਟੀ. ਬੀ. ਵਾਰਡ ਲਈ ਹੋਵੇਗਾ, ਦੂਜੇ ਵਿੰਗ 'ਚ ਬੈਕਟੀਰੀਓਲੋਜੀ ਲੈਬ ਬਣੇਗੀ ਤੇ ਤੀਜੇ ਵਿੰਗ 'ਚ ਪੁਲਮੋਨਰੀ ਹੈਲਥ ਕਲੀਨਿਕ ਦਾ ਨਿਰਮਾਣ ਕੀਤਾ ਜਾਵੇਗਾ | ਹਸਪਤਾਲ ਨੂੰ ਲੇਟੈਸਟ ਮਸ਼ੀਨਰੀ ਅਤੇ ਆਧੁਨਿਕ ਸੁਵਿਧਾਵਾਂ ਨਾਲ ਪੂਰੀ ਤਰ੍ਹਾਂ ਲੈੱਸ ਕੀਤਾ ਜਾਵੇਗਾ | ਮਠਾੜੂ ਨੇ ਕਿਹਾ ਕਿ ਟੀ. ਬੀ. ਵਰਗੀਆਂ ਗੰਭੀਰ ਬਿਮਾਰੀਆਂ ਲਈ ਮਰੀਜ਼ਾਂ ਨੂੰ ਹੁਣ ਨਿੱਜੀ ਹਸਪਤਾਲਾਂ ਜਾਂ ਦੂਰਦਰਾਜ਼ ਸ਼ਹਿਰਾਂ ਜਾਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਇਹ ਸਾਰੀਆਂ ਅਧੁਨਿਕ ਸਹੂਲਤਾਂ ਸਰਕਾਰੀ ਪੱਧਰ 'ਤੇ ਹੀ ਉਪਲਬੱਧ ਹੋਣ ਜਾ ਰਹੀਆਂ ਹਨ | ਇਸ ਨਾਲ ਗਰੀਬ ਅਤੇ ਮੱਧਵਰਗ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਸਮਾਂ ਤੇ ਪੈਸੇ ਦੀ ਬਚਤ ਵੀ ਹੋਵੇਗੀ |
ਟੀ. ਬੀ. ਹਸਪਤਾਲ ਲਈ 35.52 ਕਰੋੜ ਦੀ ਟੈਂਡਰ ਪ੍ਰਕਿਰਿਆ ਜਾਰੀ-ਸਤਨਾਮ ਸਿੰਘ ਮਠਾੜੂ <br/>
ਅਜੀਤ ਡੈਸਕ
07-01-2026