ਅੰਮਿ੍ਤਸਰ, 23 ਜਨਵਰੀ (ਹਰਮਿੰਦਰ ਸਿੰਘ) - ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਨੇ 22 ਜਨਵਰੀ ਨੂੰ ਝਾਰਖੰਡ ਦੇ ਪੱਛਮੀ ਸਿੰਘਭੂਮ ਦੇ ਜੰਗਲਾਂ ਵਿਚ ਸੀਪੀਆਈ (ਮਾਓਵਾਦੀ) ਦੇ ਕੇਂਦਰੀ ਕਮੇਟੀ ਮੈਂਬਰ ਪਤੀਰਾਮ ਮਾਂਝੀ ਅਤੇ ਪੰਜ ਔਰਤਾਂ ਸਮੇਤ 16 ਨਕਸਲੀ ਕਾਡਰਾਂ ਦੀ ਕਥਿਤ ਮੁਕਾਬਲੇ ਵਿਚ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਇਸ ਯੋਜਨਾਬੱਧ ਕਤਲੇਆਮ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਜਮਹੂਰੀ ਫਰੰਟ ਦੇ ਕਨਵੀਨਰਾਂ ਡਾ: ਪਰਮਿੰਦਰ, ਪ੍ਰੋ: ਏ. ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਤੇ ਯਸ਼ਪਾਲ ਨੇ ਸਾਂਝੇ ਬਿਆਨ ਰਾਹੀ ਕਿਹਾ ਕਿ ਮਾਓਵਾਦੀ ਲਹਿਰ ਨੂੰ ਰਾਜਨੀਤਕ ਮਸਲੇ ਵਜੋਂ ਲੈਣ ਦੀ ਬਜਾਏ ਹੁਕਮਰਾਨ ਇਸ ਨੂੰ ਕਰੂਰ ਕਤਲੇਆਮ ਰਾਹੀਂ ਦਬਾਉਣ ਅਤੇ ਆਪਣੇ ਹੀ ਦੇਸ਼ ਦੇ ਲੋਕਾਂ ਦੀਆਂ ਲਾਸ਼ਾਂ ਵਿਛਾਉਣ ਦੇ ਰਾਹ ਪਏ ਹੋਏ ਹਨ | 'ਮਾਰਚ 2026 ਤੱਕ ਨਕਸਲਵਾਦ ਮੁਕਤ ਭਾਰਤ' ਬਣਾਉਣ ਦੇ ਐਲਾਨੀਆ ਟੀਚੇ ਮਿੱਥਕੇ ਕਤਲੇਆਮ ਕਰਵਾਉਣਾ ਸਬੂਤ ਹੈ ਕਿ ਹਕੂਮਤ ਦਾ ਇੱਕੋ ਇਕ ਉਦੇਸ਼ ਆਦਿਵਾਸੀਆਂ ਦੀ ਹੱਕ-ਜਤਾਈ ਨੂੰ ਕੁਚਲਕੇ ਜੰਗਲਾਂ-ਪਹਾੜਾਂ ਦੀ ਕੁਦਰਤੀ ਦੌਲਤ ਉੱਪਰ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਹੈ | ਇਸ ਮੌਕੇ ਸੂਬਾ ਕਮੇਟੀ ਆਗੂਆਂ ਯਸ਼ਪਾਲ ਝਬਾਲ, ਐਡਵੋਕੇਟ ਅਮਰਜੀਤ ਬਾਈ ਅਤੇ ਸੁਮੀਤ ਅੰਮਿ੍ਤਸਰ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਨੰਗੇ ਅਨਿਆਂ, ਘੋਰ ਨਾਬਰਾਬਰੀ ਤੇ ਮੌਜੂਦਾ ਰਾਜ-ਪ੍ਰਬੰਧ ਦੀ ਲੋਕ ਵਿਰੋਧੀ ਕਾਰਗੁਜ਼ਾਰੀ 'ਚੋਂ ਪੈਦਾ ਹੋਈਆਂ ਹਥਿਆਰਬੰਦ ਟਾਕਰਾ ਲਹਿਰਾਂ ਨੂੰ ਸਟੇਟ ਦੀ ਹਥਿਆਰਬੰਦ ਤਾਕਤ ਵਕਤੀ ਤੌਰ 'ਤੇ ਤਾਂ ਦਬਾਅ ਸਕਦੀ ਹੈ ਪਰ ਰਾਜਕੀ ਦਹਿਸ਼ਤਵਾਦ ਵਜੋਂ ਵੱਧ ਰਹੀ ਸਮਾਜਿਕ ਬੇਚੈਨੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਇਨਾਮਾਂ ਤੇ ਤਰੱਕੀਆਂ ਦਾ ਲਾਲਚ ਦੇ ਕੇ ਕਥਿਤ ਇਨਾਮੀ ਮਾਓਵਾਦੀਆਂ ਦੇ ਕਤਲ ਕਰਾਉਣ ਦੇ ਅਣਮਨੁੱਖੀ ਵਰਤਾਰੇ ਵਿਰੁੱਧ ਸਮੂਹ ਜਮਹੂਰੀ ਤੇ ਨਿਆਂਪਸੰਦ ਤਾਕਤਾਂ ਨੂੰ ਵਿਸ਼ਾਲ ਜਨਤਕ ਵਿਰੋਧ ਰਾਹੀਂ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ |