ਅਜਨਾਲਾ, 28 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਅਰਸੇ ਦੌਰਾਨ ਹੀ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਕੇ ਸੂਬੇ ਨੂੰ ਮੁੜ ਲੀਹਾਂ 'ਤੇ ਲਿਆਂਦਾ ਹੈ ਅਤੇ ਬਾਕੀ ਸਮੇਂ ਦੌਰਾਨ ਵੀ ਵਿਕਾਸ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਜਨਾਲਾ ਤੋਂ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕਾ ਅਜਨਾਲਾ ਅਧੀਨ ਪੈਂਦੀਆਂ 19.59 ਕਿ:ਮੀ: ਦੀਆਂ 5 ਨੰਬਰ ਸੜਕਾਂ ਦੇ ਨਵੀਨੀਕਰਣ ਦੇ ਕੰਮਾਂ ਵਿਚ ਲਗਭਗ 16 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ਦੇ ਅੱਜ ਨੀਂਹ ਪੱਥਰ ਰੱਖੇ ਗਏ ਹਨ ਦੇ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਉਦੇ ਦੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਅਜਨਾਲਾ ਹਲਕੇ ਦੇ ਚਾਰੇ ਪਾਸੇ ਸੜਕਾਂ ਦਾ ਜਾਲ ਵਿਛਿਆ ਨਜ਼ਰ ਆਵੇਗਾ | ਉਨ੍ਹਾਂ ਕਿਹਾ ਕਿ ਅਜਨਾਲਾ ਹਲਕੇ ਦਾ ਵਿਕਾਸ ਮੇਰੀ ਪਹਿਲੀ ਪ੍ਰਾਥਮਿਕਤਾ ਰਿਹਾ ਹੈ ਅਤੇ ਅਜਨਾਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣ ਜਾਣ ਨਾਲ ਲੋਕਾਂ ਨੂੰ ਆਵਾਜਾਈ ਦੇ ਸਾਧਨਾਂ ਵਿਚ ਕਾਫੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਅਜਨਾਲਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਆਪਸ ਵਿਚ ਜੋੜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਸ: ਧਾਲੀਵਾਲ ਨੇ ਦੱਸਿਆ ਕਿ ਲਿੰਕ ਸੜਕ ਰਮਦਾਸ ਰੇਲਵੇ ਸਟੇਸ਼ਨ ਤੋਂ ਹਰੀਜਨ ਬਸਤੀ ਕੁੜਾਵਾਲੀ ਬਾਉਲੀ, ਜਿਸ ਦੀ ਲੰਬਾਈ 11.60 ਕਿ:ਮੀ: ਹੈ, ਨੂੰ 10 ਫੁੱਟ ਤੋਂ 16 ਫੁੱਟ ਚੌੜਾਈ ਵਿਚ ਵਾਈਡਨਿੰਗ ਕਰਨ ਦਾ ਕੰਮ, ਜੋ ਕਿ ਲਗਭਗ 3 ਕਰੋੜ 95 ਲੱਖ ਰੁਪੈ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਅਤੇ ਇਸੇ ਤਰ੍ਹਾਂ ਲਿੰਕ ਸੜਕ ਤੇੜਾ ਕਲਾਂ ਤੋਂ ਥੋਬਾ ਵਾਇਆ ਬਾਠ, ਦਿਆਲ ਭੜੰਗ, ਸੁਧਾਰ, ਜਿਸ ਦੀ ਲੰਬਾਈ 11.60 ਕਿ: ਮੀ: ਹੈ, ਇਸ ਸੜਕ ਦੀ 10 ਫੁੱਟ ਤੋਂ 18 ਫੁੱਟ ਚੌੜਾਈ ਵਿਚ ਵਾਈਡਨਿੰਗ ਕਰਨ ਦਾ ਕੰਮ, ਜੋ ਕਿ ਲਗਭਗ 10 ਕਰੋੜ 95 ਲੱਖ ਰੁਪੈ ਦੀ ਲਾਗਤ ਨਾਲ ਅਤੇ ਫਿਰਨੀ ਪਿੰਡ ਕਿਆਮਪੁਰ (ਲੰਬਾਈ 0.70 ਕਿ:ਮੀ:), ਫਿਰਨੀ ਪਿੰਡ ਕਾਮਲਪੁਰਾ (ਲੰਬਾਈ 0.73 ਕਿ:ਮੀ:) ਅਤੇ ਲਿੰਕ ਸੜਕ ਅੰਮਿ੍ਤਸਰ-ਫਤਿਹਗੜ੍ਹ ਚੂੜੀਆਂ ਰੋਡ ਤੋਂ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ ਵਾਇਆ ਸ਼ਮਸ਼ਾਨਘਾਟ ਨਵਾਂ ਪਿੰਡ (ਲੰਬਾਈ 1.38 ਕਿ: ਮੀ:) ਕੱਚੀਆਂ ਸੜਕਾਂ ਦੀ ਸੀ.ਸੀ. ਫਲੋਰਿੰਗ ਨਾਲ ਉਸਾਰੀ ਕਰਨ ਦਾ ਕੰਮ, ਜੋ ਕਿ ਲਗਭਗ 1 ਕਰੋੜ 10 ਲੱਖ ਰੁਪੈ ਦੀ ਲਾਗਤ ਨਾਲ ਕਰਵਾਇਆ ਜਾਵੇਗਾ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ | ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ, ਚੇਅਰਮੈਨ ਗੁਰਸ਼ਰਨ ਸਿੰਘ ਲਾਡੀ ਜੈਲਦਾਰ, ਸਰਪੰਚ ਮਨਦੀਪ ਸਿੰਘ ਬੱਬੂ ਖੋਜੀ ਤੇੜਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |