ਚੰਡੀਗੜ੍ਹ, 28 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਕਾਡਰ 1965 ਦੇ ਆਈ. ਏ. ਐਸ. ਅਧਿਕਾਰੀ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ ਪਤਨੀ ਡਾ. ਮੀਨਾ ਕਸ਼ਯਪ (82) ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਹੈ | ਡਾ. ਮੀਨਾ ਕਸ਼ਯਪ ਨੇ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ 27 ਜਨਵਰੀ ਦੀ ਸ਼ਾਮ 7 ਵਜੇ ਦੇ ਕਰੀਬ ਅੰਤਿਮ ਸਾਹ ਲਏ | ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 30 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11:30 ਦੇ ਕਰੀਬ ਰਾਧਾ ਸੁਆਮੀ ਕਾਲੋਨੀ ਡੇਰਾ ਬਿਆਸ (ਅੰਮਿ੍ਤਸਰ) ਵਿਖੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ 2 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 11:30 ਵਜੇ ਗੁਰਦੁਆਰਾ ਸਾਹਿਬ ਸੈਕਟਰ 11 ਚੰਡੀਗੜ੍ਹ ਵਿਖੇ ਹੋਵੇਗੀ | ਜ਼ਿਕਰਯੋਗ ਹੈ ਕਿ ਡਾ. ਮੀਨਾ ਕਸ਼ਯਪ ਨੇ ਕਰੀਬ 30 ਸਾਲ ਸੈਕਟਰ 10 ਦੇ ਹੋਮ ਸਾਇੰਸ ਕਾਲਜ ਵਿਖੇ ਬਤੌਰ ਪ੍ਰੋਫੈਸਰ ਬੋਟਨੀ ਵਜੋਂ ਸੇਵਾਵਾਂ ਨਿਭਾਈਆਂ ਸਨ ਅਤੇ ਉਹ ਬਹੁਤ ਹੀ ਮਿਲਣਸਾਰ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ | ਉਹ ਹਮੇਸ਼ਾ ਹੀ ਵੱਧ ਚੜ ਕੇ ਸਮਾਜਸੇਵਾ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ ਸਨ | ਉਹ ਆਪਣੇ ਪਿਛੇ ਦੋ ਬੱਚੇ, ਇਕ ਬੇਟਾ ਅਤੇ ਇਕ ਬੇਟੀ ਨੂੰ ਛੱਡ ਗਏ ਹਨ | ਉਨ੍ਹਾਂ ਦਾ ਬੇਟਾ ਅਨੁਰਾਗ ਦਿੱਲੀ ਵਿਖੇ ਇੰਜੀਨੀਅਰ ਹੈ ਅਤੇ ਬੇਟੀ ਬਿਨਤੀ ਇੰਗਲੈਂਡ ਵਿਖੇ ਰਹਿ ਰਹੀ ਹੈ | ਡਾ. ਮੀਨਾ ਕਸ਼ਯਪ ਨੇ ਕਿਸੇ ਹੋਰ ਦੀ ਦੁਨੀਆ ਨੂੰ ਰੌਸ਼ਨ ਕਰਨ ਲਈ ਮੌਤ ਮਗਰੋਂ ਆਪਣੀਆਂ ਅੱਖਾਂ ਵੀ ਪੀ. ਜੀ. ਆਈ. ਨੂੰ ਦਾਨ ਕੀਤੀਆਂ ਹੋਈਆਂ ਸਨ |