ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਤਸਰ ਵਲੋਂ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਪ੍ਰਤੀਨਿਧੀ ਸਵਾਮੀ ਰੰਜੀਤਾਨੰਦ ਨੂੰ ਸਮਾਜਿਕ ਕਲਿਆਣ ਦੇ ਖੇਤਰ 'ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਵਾਮੀ ਰੰਜੀਤਾਨੰਦ ਵਲੋਂ ਜ਼ਿਲ੍ਹਾ ਅੰਮਿ੍ਤਸਰ 'ਚ ਸਮਾਜ ਸੇਵਾ, ਜਨਕਲਿਆਣ ਅਤੇ ਮਾਨਵ ਮੁੱਲਾਂ ਦੇ ਸੰਵਰਧਨ ਲਈ ਕੀਤੀਆਂ ਗਈਆਂ ਲਗਾਤਾਰ ਅਤੇ ਸਰਾਹੁਣਯੋਗ ਕੋਸ਼ਿਸ਼ਾਂ ਦੇ ਸਨਮਾਨ ਵਜੋਂ ਦਿੱਤਾ ਗਿਆ | ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਹ ਪ੍ਰਸ਼ੰਸਾ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਤਸਰ ਵਲੋਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਦਲਵਿੰਦਰਜੀਤ ਸਿੰਘ ਵਲੋਂ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸਵਾਮੀ ਰੰਜੀਤਾਨੰਦ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ 'ਚ ਹੋਰ ਵਧੇਰੇ ਸਮਰਪਣ ਅਤੇ ਸੇਵਾ-ਭਾਵ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ | ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਸਮਾਜਿਕ ਉਥਾਨ, ਮਾਨਵ ਸੇਵਾ ਅਤੇ ਨੈਤਿਕ ਜਾਗਰੂਕਤਾ ਦੇ ਕਾਰਜਾਂ ਨੂੰ ਭਵਿੱਖ 'ਚ ਵੀ ਲਗਾਤਾਰ ਅੱਗੇ ਵਧਾਉਂਦਾ ਰਹੇਗਾ |