ਮਜੀਠਾ, 28 ਜਨਵਰੀ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਹਲਕਾ ਮਜੀਠਾ ਦੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਅੱਜ ਕਸਬਾ ਮਜੀਠਾ ਵਿਖੇ ਪਹੁੰਚ ਕੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਚ ਵਧ ਰਹੇ ਗੈਂਗਸਟਰ ਰਾਜ ਅਤੇ ਫਿਰੌਤੀਆਂ ਦੇ ਵਧਦੇ ਧੰਦੇ ਨੂੰ ਬਹੁਤ ਗੰਭੀਰ ਸਮੱਸਿਆ ਦੱਸਿਆ। ਬੀਬਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣ ਦਾ ਧੰਦਾ ਹੁਣ ਬਹੁਤ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਸ ਨੂੰ ਬਹੁਤ ਸੀਰੀਅਸਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਕਾਰੋਬਾਰ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਪਹਿਲਾਂ ਸਿਰਫ਼ ਵੱਡੇ ਵਪਾਰੀ ਜਾਂ ਅਮੀਰ ਲੋਕ ਇਸ ਦੀ ਜ਼ਦ ਵਿਚ ਆਉਂਦੇ ਸਨ ਪਰ ਹੁਣ ਛੋਟੇ-ਛੋਟੇ ਦੁਕਾਨਦਾਰ, ਰਹਿਣ ਵਾਲੇ ਲੋਕ ਅਤੇ ਆਮ ਨਾਗਰਿਕ ਵੀ ਇਨ੍ਹਾਂ ਗੈਂਗਸਟਰਾਂ ਦੀ ਲਪੇਟ ਵਿਚ ਆ ਗਏ ਹਨ। ਇਸ ਕਾਰਨ ਪੂਰੇ ਸੂਬੇ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫਿਰੌਤੀਆਂ ਦੇ ਜ਼ਿਆਦਾਤਰ ਮਾਮਲਿਆਂ ਵਿਚ ਲੋਕਲ ਪੱਧਰ 'ਤੇ ਕੁਝ ਵਿਅਕਤੀ ਆਪਣੀਆਂ ਪੁਰਾਣੀਆਂ ਰੰਜਿਸ਼ਾਂ ਜਾਂ ਦੁਸ਼ਮਣੀਆਂ ਨੂੰ ਨਿਬੇੜਨ ਲਈ ਗੈਂਗਸਟਰਾਂ ਦਾ ਸਹਾਰਾ ਲੈ ਰਹੇ ਹਨ। ਪਰ ਅਸਲ ਸਮੱਸਿਆ ਦਾ ਹੱਲ ਤਾਂ ਉਦੋਂ ਹੀ ਹੋ ਸਕਦਾ ਹੈ ਜੇਕਰ ਪ੍ਰਸ਼ਾਸਨ ਅਸਲ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਰਗਣਾਂ ਤੱਕ ਪਹੁੰਚ ਕਰੇ। ਇਸ ਨਾਲ ਹੀ ਲੋਕ ਆਪਣੀ ਖੁਸ਼ਹਾਲ ਅਤੇ ਸੁਰੱਖਿਅਤ ਜ਼ਿੰਦਗੀ ਜੀਅ ਸਕਣਗੇ। ਵਿਧਾਇਕ ਨੇ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਹਾਲਤ ਨੂੰ ਬਹੁਤ ਚਿੰਤਾਜਨਕ ਦੱਸਿਆ। ਉਨ੍ਹਾਂ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੁਲਿਸ ਅਕਸਰ ਸਿਰਫ਼ ਮਾਮੂਲੀ ਅਤੇ ਛੋਟੇ ਪੱਧਰ ਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਡਿਊਟੀ ਪੂਰੀ ਕਰਨ ਦਾ ਦਿਖਾਵਾ ਕਰ ਰਹੀ ਹੈ, ਜਦਕਿ ਅਸਲ ਵਿਚ ਵੱਡੇ ਗੈਂਗਸਟਰ ਅਤੇ ਉਨ੍ਹਾਂ ਦੇ ਮੁੱਖ ਸਰਗਣੇ ਅਜੇ ਵੀ ਖੁੱਲ੍ਹ ਕੇ ਘੁੰਮ ਰਹੇ ਹਨ ਅਤੇ ਆਪਣਾ ਧੰਦਾ ਚਲਾ ਰਹੇ ਹਨ। ਇਸ ਕਾਰਨ ਲੋਕਾਂ ਵਿਚ ਭਰੋਸਾ ਘਟ ਰਿਹਾ ਹੈ ਅਤੇ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਬੀਬਾ ਗਨੀਵ ਕੌਰ ਮਜੀਠੀਆ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਅਤੇ ਪੁਲਿਸ ਨੂੰ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਵਾਸੀਆਂ ਨੂੰ ਸੁਰੱਖਿਆ ਮਹਿਸੂਸ ਹੋਵੇ ਅਤੇ ਉਹ ਬਿਨਾਂ ਡਰ ਦੇ ਆਪਣਾ ਜੀਵਨ ਜੀਅ ਸਕਣ। ਇਸ ਮੌਕੇ ਬੀਬਾ ਮਜੀਠੀਆ ਨਾਲ ਉਨ੍ਹਾਂ ਦੇ ਸਿਆਸੀ ਸਲਾਹਕਾਰ ਐਡਵੋਕੇਟ ਰਕੇਸ਼ ਪ੍ਰਾਸ਼ਰ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਤਵੰਤ ਸਿੰਘ ਸੇਠ, ਸਾਬਕਾ ਪ੍ਰਧਾਨ ਤਰੁੱਨ ਅਬਰੋਲ, ਵਾਇਸ ਪ੍ਰਧਾਨ ਪ੍ਰਿੰਸ ਨਈਅਰ, ਦਿਲਬਾਗ ਸਿੰਘ ਮਜੀਠਾ, ਕੌਂਸਲ ਬਿੱਲਾ ਸ਼ਾਹ ਆੜਤੀਆ, ਅਜੇ ਚੋਪੜਾ, ਨਰੇਸ਼ ਕੁਮਾਰ ਚੱਕੀ ਵਾਲੇ, ਓਂਕਾਰ ਸਿੰਘ ਮਜੀਠਾ, ਭੁਪਿੰਦਰ ਸਿੰਘ ਭਿੰਦਾ ਮਜੀਠਾ ਦਿਹਾਤੀ, ਧੀਰਾ ਸਿੰਘ ਮਜੀਠਾ, ਲੱਕੀ ਕਹੇੜ, ਦੀਪੂ ਮਜੀਠਾ, ਭੱਲਾ ਬੱਬ ਕਹੇੜ, ਅਜੇ ਸ਼ਰਮਾ, ਸੂਦ ਤੇ ਅਰੋੜਾ ਪ੍ਰੀਵਾਰ, ਸ਼ੈਂਕੀ ਮਜੀਠਾ, ਗੁਰਦੀਪ ਸਿੰਘ, ਸੂਪੀ ਸ਼ਰਮਾ ਸਮੇਤ ਬਹੁਤ ਸਾਰੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।
ਦਿਨੋ ਦਿਨ ਵਧ ਰਹੇ ਫਿਰੌਤੀਆਂ ਦੇ ਧੰਦੇ ਕਾਰਨ ਪੰਜਾਬ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ-ਗਨੀਵ ਕੌਰ ਮਜੀਠੀਆ
ਅਜੀਤ ਡੈਸਕ
29-01-2026