ਅੰਮਿ੍ਤਸਰ, 1 ਫਰਵਰੀ (ਹਰਮਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਬਾਣੀ ਮਾਨਵਤਾ ਦਾ ਸੁਚੱਜਾ ਮਾਰਗ ਦਰਸ਼ਨ ਕਰਦੀ ਹੈ | ਇਸੇ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਦੀਵਾਨ ਅੰਦਰ ਢਾਡੀ ਤੇ ਪ੍ਰਚਾਰਕ ਸਿੰਘਾਂ ਨੇ ਸੰਗਤ ਨੂੰ ਗੁਰ-ਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਮੈਨੇਜਰ ਜਸਪਾਲ ਸਿੰਘ, ਰਜਿੰਦਰ ਸਿੰਘ ਰੂਬੀ, ਯੁਵਰਾਜ ਸਿੰਘ, ਅਜੈ ਸਿੰਘ ਆਦਿ ਮੌਜੂਦ ਸਨ |
ਪ੍ਰਕਾਸ਼ ਦਿਹਾੜਾ ਮੌਕੇ ਗੁਰਮਤਿ ਸਮਾਗਮ
ਮਜੀਠਾ, (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਸਥਿਤ ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਵਿਖੇ ਭਗਤ ਰਵਿਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਪੂਰੀ ਸ਼ਰਧਾ, ਧਾਰਮਿਕ ਉਤਸ਼ਾਹ ਅਤੇ ਭਾਵਨਾ ਨਾਲ ਮਨਾਇਆ ਗਿਆ | ਜਿਸ ਸੰਬੰਧੀ ਕਾਰ ਸੇਵਾ ਵਾਲੇ ਸੰਤ ਬਾਬਾ ਸਰਦਾਰਾ ਸਿੰਘ ਅਤੇ ਬਾਬਾ ਸਰੂਪ ਸਿੰਘ ਦੀ ਅਗਵਾਈ ਹੇਠ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਮਜੀਠਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਅਰੰਭਤਾ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਹੋਈ | ਇਸ ਮੌਕੇ ਕੀਰਤਨੀ ਜਥਾ ਭਾਈ ਦਲੇਰ ਸਿੰਘ, ਕਵੀਸ਼ਰੀ ਜਥਾ ਭਾਈ ਜਗਤਾਰ ਸਿੰਘ ਜੱਗਾ ਜੱਟ ਮਜੀਠਾ, ਕਵੀਸ਼ਰੀ ਜਥਾ ਭਾਈ ਜਸਵਿੰਦਰ ਸਿੰਘ ਫੱਤੂਭੀਲਾ ਤੇ ਢਾਡੀ ਜਥਾ ਭਾਈ ਹਰਜਿੰਦਰ ਸਿੰਘ ਚੰਡੇ ਸਮੇਤ ਹੋਰ ਵੀ ਪੰਥ ਪ੍ਰਸਿੱਧ ਜਥਿਆਂ ਵਲੋਂ ਭਗਤ ਰਵਿਦਾਸ ਜੀ ਦੀ ਉਚਾਰਣ ਕੀਤੀ ਗੁਰਬਾਣੀ ਦੇ ਸ਼ਬਦਾਂ ਅਤੇ ਧਾਰਮਿਕ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਪ੍ਰਸਿੱਧ ਕਥਾਵਾਚਕਾਂ ਨੇ ਭਗਤ ਰਵਿਦਾਸ ਜੀ ਦੀ ਜੀਵਨੀ, ਉਨ੍ਹਾਂ ਦੇ ਸਮਾਜਿਕ ਸੰਦੇਸ਼ ਤੇ ਸਮਾਨਤਾ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਨੌਜਵਾਨ ਪੀੜ੍ਹੀ ਨੂੰ ਸੱਚ, ਸੇਵਾ ਅਤੇ ਭਗਤੀ ਦੇ ਮਾਰਗ 'ਤੇ ਤੁਰਨ ਲਈ ਪ੍ਰੇਰਿਆ | ਇਸ ਧਾਰਮਿਕ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਦੇ ਸਿਆਸੀ ਸਲਾਹਕਾਰ ਗਗਨਦੀਪ ਸਿੰਘ ਭਕਨਾ ਸਮੇਤ ਕਈ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਅੱਗੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟ ਕੀਤੀ | ਗੁਰਦੁਆਰਾ ਪ੍ਰਬੰਧਕਾਂ ਵਲੋਂ ਆਏ ਕਵੀਸ਼ਰਾਂ, ਰਾਗੀਆਂ, ਢਾਡੀਆਂ, ਕਥਾਵਾਚਕਾਂ ਸਮੇਤ ਸਾਰੇ ਆਗੂਆਂ ਨੂੰ ਵੀ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸੰਗਤਾਂ ਲਈ ਖੁੱਲ੍ਹੇ ਲੰਗਰ ਭੰਡਾਰੇ ਵਰਤਾਏ ਗਏ | ਸਟੇਜ ਦੀ ਕਾਰਵਾਈ ਕਵੀਸ਼ਰ ਭਾਈ ਜਗਤਾਰ ਸਿੰਘ ਮਜੀਠਾ ਵਲੋਂ ਨਿਭਾਈ ਗਈ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਬਲਵਿੰਦਰ ਸਿੰਘ, ਸ਼ਰੀਕਾਂਤ, ਰਾਮ ਅਵਤਾਰ, ਮਨੋਹਰ ਲਾਲ, ਰਤਨ ਲਾਲ, ਸਾਈ ਦਾਸ, ਸੀਤਾ ਰਾਮ ਤੇ ਛੋਟੂ ਲਾਲ ਸਮੇਤ ਕਈ ਸੇਵਾਦਾਰ ਸ਼ਾਮਲ ਸਨ |
ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ, ਸਮਰਪਣ ਤੇ ਭਾਈਚਾਰਕ ਸਾਂਝ ਨਾਲ ਮਨਾਇਆ <br/>
ਅਜੀਤ ਡੈਸਕ
02-02-2026