ਗੁਰੂ ਨਾਨਕ ਦੇਵ ਹਸਪਤਾਲ ਦੇ ਪਾਰਕਿੰਗ ਠੇਕੇ ਦੀ ਮਿਆਦ ਮੁੱਕੀ, ਨਵਾਂ ਠੇਕਾ ਲੈਣ ਨੂੰ ਕੋਈ ਵੀ ਠੇਕੇਦਾਰ ਨਹੀਂ ਰਾਜ਼ੀ- ਵਾਹਨ ਚੋਰਾਂ ਦੀ ਚਾਂਦੀ <br/>
ਅਜੀਤ ਡੈਸਕ
03-02-2026
ਗੁਰੂ ਨਾਨਕ ਦੇਵ ਹਸਪਤਾਲ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਓ.ਪੀ.ਡੀ. ਤੇ ਦਾਖਲ ਹੋ ਕੇ ਇਲਾਜ਼ ਕਰਵਾਉਣ ਲਈ ਆਉਂਦੇ ਹਨ ਜਿਨ੍ਹਾਂ ਦੇ ਸਾਇਕਲ, ਸਕੂਟਰ ਤੇ ਕਾਰ ਪਾਰਕਿੰਗ ਦਾ ਠੇਕਾ ਹਸਪਤਾਲ ਪ੍ਰਸ਼ਾਸਨ ਵਲੋਂ ਦਿੱਤਾ ਜਾਂਦਾ ਹੈ ਬੀਤੇ ਸਾਲ 2025 ਦਾ ਠੇਕਾ ਖੁੱਲੀ ਬੋਲੀ ਰਾਹੀਂ 45 ਰੱਖ ਰੁਪਏ 'ਚ ਠੇਕੇਦਾਰ ਨੂੰ ਦਿੱਤਾ ਗਿਆ | ਖੁੱਲੀ ਬੋਲੀ ਰਾਹੀਂ ਦਿੱਤੇ ਗਏ ਇਸ ਠੇਕੇ ਦੀ ਮਿਆਦ ਇਸ ਵਰ੍ਹੇ 22 ਜਨਵਰੀ ਨੂੰ ਖ਼ਤਮ ਹੋ ਚੁੱਕੀ ਹੈ ਜਦੋਂ ਕਿ ਮੈਡੀਕਲ ਸੁਪਰਡੈਂਟ ਰਾਹੀਂ 27 ਜਨਵਰੀ ਨੂੰ ਇਸ਼ਤਿਹਾਰ ਜਾਰੀ ਕਰਕੇ ਸਕੂਟਰ, ਕਾਰ ਪਾਰਕਿੰਗ ਦੀ ਬੋਲੀ ਲਈ ਟੈਂਡਰ ਇਸ਼ਤਿਹਾਰ ਦਿੱਤਾ ਗਿਆ ਸੀ ਪਰ ਠੇਕਾ ਬਹੁਤ ਜ਼ਿਆਦਾ ਮਹਿੰਗਾ ਹੋਣ ਕਾਰਨ ਕਿਸੇ ਵੀ ਠੇਕੇਦਾਰ ਨੇ ਠੇਕਾ ਲੈਣ ਲਈ ਹਾਮੀ ਨਹੀਂ ਭਰੀ | 45 ਲੱਖ ਸਲਾਨਾ ਠੇਕਾ ਤੇ ਉਪਰ ਜੀ.ਐੱਸ. ਲੱਗਣ ਕਾਰਨ ਠੇਕੇਦਾਰ ਨੂੰ ਇਹ ਸੌਦਾ ਘਾਟੇ ਦਾ ਲੱਗ ਰਿਹਾ ਹੈ ਜਿਸ ਕਾਰਨ ਕਿਸੇ ਵੀ ਠੇਕੇਦਾਰ ਨੇ ਹਾਲੇ ਤੱਕ ਠੇਕੇ 'ਚ ਦਿਲਚਸਪੀ ਨਹੀਂ ਦਿਖਾਈ | ਦੂਜੇ ਪਾਸੇ ਹੁਣ ਇਸ ਸਟੈਂਡ ਦਾ ਕੋਈ ਵੀ ਵਾਲੀ ਵਾਰਸ ਨਾ ਹੋਣ ਕਾਰਨ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਵਾਹਨ ਚੋਰੀ ਹੋ ਰਹੇ ਹਨ ਇਥੇ ਬੀਤੇ ਸਮੇਂ 'ਚ ਕਈ ਸਕੂਟਰ, ਮੋਟਰਸਾਇਕਲ, ਐਕਟਿਵਾ ਸਕੂਟਰੀਆਂ ਚੋਰੀ ਹੋ ਚੁੱਕੀਆਂ ਹਨ | ਦੱਸਣ ਮੁਤਾਬਕ ਇਹ ਵੀ ਪਤਾ ਲਗਿਆ ਕਿ ਚੋਰ ਬੀਤੇ ਸਮੇਂ ਰਿਕਸ਼ੇ ਲੈ ਕੇ ਆਏ ਤੇ ਮੋਟਰਸਾਇਕਲ ਚੋਰੀ ਕਰਕੇ ਲੈ ਗਏ | ਇਥੇ ਦਿਹਾਤੀ ਖੇਤਰ ਤੇ ਖਾਸਕਰ ਪਿੰਡਾਂ ਤੋਂ ਆਉਂਦੇ ਲੋਕਾਂ ਦੇ ਦੋ ਪਹੀਆ ਵਾਹਨ ਲਗਾਤਾਰ ਚੋਰੀ ਹੋ ਰਹੇ ਹਨ ਜਿਸ ਕਾਰਨ ਇਲਾਜ਼ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਪਾਰਕਿੰਗ ਠੇਕੇ ਦੀ ਬੋਲੀ ਸਬੰਧੀ ਪੁਛੇ ਜਾਣ ਤੇ ਮਰੀਜ਼ਾਂ ਦੇ ਵਾਰਸਾਂ ਦੇ ਵਾਹਨ ਚੋਰੀ ਹੋਣ ਸੰਬੰਧੀ ਪੁੱਛੇ ਜਾਣ 'ਤੇ ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ ਨੇ ਦਸਿਆ ਕਿ ਦੁਬਾਰਾ ਟੈਂਡਰ ਜਾਰੀ ਕੀਤੇ ਗਏ ਹਨ ਅਤੇ ਇਹ ਟੈਂਡਰ 15 ਫਰਵਰੀ ਤੱਕ ਮੁੰਕਮਲ ਹੋਣ ਦੀ ਉਮੀਦ ਹੈ ਜਿਨ੍ਹਾਂ ਚਿਰ ਤੱਕ ਪਾਰਕਿੰਗ ਠੇਕੇਦਾਰ ਦਾ ਪ੍ਰਬੰਧ ਨਹੀਂ ਹੋ ਜਾਂਦਾ ਉਨ੍ਹਾਂ ਦੇਰ ਹਸਪਾਤਲ ਦੇ ਸੁਰਖਿਆ ਮੁਲਾਜ਼ਮ ਮਰੀਜ਼ਾਂ ਦੇ ਵਾਹਨਾਂ ਦੀ ਸੁਰਖਿਆ ਕਰ ਰਹੇ ਹਨ |