ਅੰਮਿ੍ਤਸਰ, 3 ਫਰਵਰੀ (ਹਰਮਿੰਦਰ ਸਿੰਘ)-ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਨਗਰ ਨਿਗਮ ਦੇ ਫਾਇਰ ਬਿ੍ਗੇਡ ਦੇ ਬੇੜੇ 'ਚ ਵੱਡਾ ਵਾਧਾ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ 4 ਨਵੇਂ ਫਾਇਰ ਟੈਂਡਰ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਜ਼ਿਲ੍ਹਾ ਫਾਇਰ ਅਫ਼ਸਰ ਦਿਲਬਾਗ ਸਿੰਘ ਅਤੇ ਨਿਗਮ ਦੇ ਹੋਰ ਅਧਿਕਾਰੀ ਮੌਜੂਦ ਸਨ | ਇਸ ਦੌਰਾਨ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਹਿਰਵਾਸੀਆਂ ਦੀ ਸੁਰੱਖਿਆ ਲਈ ਨਗਰ ਨਿਗਮ ਬਚਨਬੱਧ ਹੈ | ਸ਼ਹਿਰ 'ਚ ਅਚਨਚੇਤੀ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਨਗਰ ਨਿਗਮ ਵਲੋਂ ਆਪਣੇ ਫਾਇਰ ਬਿ੍ਗੇਡ ਵਿਭਾਗ ਨੂੰ ਸਮੇਂ ਦਾ ਹਾਣੀ ਬਣਾਇਆ ਗਿਆ ਹੈ ਅਤੇ ਸੁਰੱਖਿਆ ਦੇ ਨਜ਼ਰੀਏ ਨਾਲ ਸ਼ਹਿਰ ਨੂੰ 4 ਹੋਰ ਅੱਗ ਬੁਝਾਉਣ ਲਈ ਨਵੀਆਂ ਟੈਂਡਰ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਅੱਜ ਜੋ ਚਾਰ ਨਵੇਂ ਟੈਂਡਰ ਦਿੱਤੇ ਗਏ ਹਨ, ਉਨ੍ਹਾਂ 'ਚ ਇਕ ਵਾਟਰ ਬਾਊਜਰ, ਇਕ ਮਿੰਨੀ ਫਾਇਰ ਟੈਂਡਰ, ਦੋ ਮਿੰਨੀ ਫਾਇਰ ਟੈਂਡਰ ਰੈਸਕਿਊ ਟੈਂਡਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਪਹਿਲਾਂ 20 ਟੈਂਡਰ ਮੌਜੂਦ ਸਨ ਅਤੇ ਕੁਝ ਸਮਾਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ 6 ਨਵੇਂ ਫਾਇਰ ਟੈਂਡਰ ਉਪਲਬੱਧ ਕਰਵਾਏ ਸਨ ਅਤੇ ਹੁਣ 4 ਹੋਰ ਨਵੇਂ ਫਾਇਰ ਮਿਲਾ ਕੇ ਨਿਗਮ ਕੋਲ ਹੁਣ 30 ਫਾਇਰ ਟੈਂਡਰ ਹੋ ਗਏ ਹਨ |