ਅੰਮਿ੍ਤਸਰ, 20 ਫਰਵਰੀ (ਹਰਮਿੰਦਰ ਸਿੰਘ)-ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਡਾ: ਜੈ ਇੰਦਰ ਸਿੰਘ ਵਲੋਂ ਅੱਜ ਭਗਤਾਂ ਵਾਲਾ ਡੰਪ 'ਤੇ ਚੱਲ ਰਹੇ ਬਾਇਓਰੈਮੀਡੇਏਸ਼ਨ ਦੇ ਕੰਮ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਸੈਨਟਰੀ ਇੰਸਪੈਕਟਰ ਰਮਣ ਅਤੇ ਪ੍ਰੋਜੈਕਟ ਨੂੰ ਅੰਜ਼ਾਮ ਦੇ ਰਹੇ ਕੰਪਨੀ ਅਧਿਕਾਰੀ ਮੌਜੂਦ ਸਨ | ਅਧਿਕਾਰੀਆਂ ਵਲੋਂ ਸਾਈਟ 'ਤੇ ਚੱਲ ਰਹੀਆਂ ਕਾਰਵਾਈਆਂ, ਸੁਰੱਖਿਆ ਉਪਾਆਵਾਂ ਅਤੇ ਦਿਨ-ਪ੍ਰਤੀ-ਦਿਨ ਪ੍ਰਗਤੀ ਦੀ ਸਮੀਖਿਆ ਕੀਤੀ ਗਈ | ਤਾਜ਼ਾ ਰਿਪੋਰਟ ਅਨੁਸਾਰ ਹੁਣ ਤੱਕ ਕੁੱਲ 3,05,345 ਮੀਟਿ੍ਕ ਟਨ ਕੂੜੇ ਦੀ ਬਾਇਓਰੈਮੀਡੇਸ਼ਨ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ 2,44,499.5 ਮੀਟਿ੍ਕ ਟਨ ਬਾਇਓ-ਸੌਇਲ ਵਿਗਿਆਨਕ ਬਾਇਓ-ਮਾਈਨਿੰਗ ਪ੍ਰਕਿਰਿਆ ਰਾਹੀਂ ਪ੍ਰਾਪਤ ਕੀਤੀ ਗਈ ਹੈ | 1 ਫ਼ਰਵਰੀ ਤੋਂ 19 ਫ਼ਰਵਰੀ 2026 ਤੱਕ ਰੋਜ਼ਾਨਾ ਲਗਭਗ 3,860 ਤੋਂ 4,495 ਮੀਟਿ੍ਕ ਟਨ ਕੂੜੇ ਦੀ ਪ੍ਰਕਿਰਿਆ ਕੀਤੀ ਗਈ, ਜੋ ਸਾਈਟ 'ਤੇ ਲਗਾਤਾਰ ਕੰਮ ਹੋਣ ਨੂੰ ਦਰਸਾਉਂਦਾ ਹੈ | ਇਸ ਤੋਂ ਇਲਾਵਾ ਮਟੀਰੀਅਲ ਅਤੇ ਫਿਊਲ ਦੀ ਵੀ ਨਿਯਮਿਤ ਤੌਰ 'ਤੇ ਛਾਂਟ ਕੀਤੀ ਜਾ ਰਹੀ ਹੈ | ਇਸ ਦੌਰਾਨ ਸੰਯੁਕਤ ਕਮਿਸ਼ਨਰ ਕੰਪਨੀ ਨੂੰ ਹਦਾਇਤਾਂ ਕੀਤੀਆਂ ਕਿ ਰੋਜਾਨਾ ਨਿਰਧਾਰਤ ਟੀਚੇ ਨੂੰ ਬਿਨਾਂ ਰੁਕਾਵਟ ਪੂਰਾ ਕੀਤਾ ਜਾਵੇ | ਆਰ. ਡੀ. ਐੱਫ਼. ਅਤੇ ਸੀ ਐਂਡ ਡੀ ਮਟੀਰੀਅਲ ਦੀ ਠੀਕ ਛਾਂਟ ਅਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ, ਧੂੜ 'ਤੇ ਕਾਬੂ ਪਾਇਆ ਜਾਵੇ ਅਤੇ ਅੱਗ ਸੁਰੱਖਿਆ ਯਤਨ ਮਜ਼ਬੂਤ ਕੀਤਾ ਜਾਵੇ, ਵਾਤਾਵਰਨ ਸੰਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ |