ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੂਰੇ ਭਾਰਤ 'ਚ ਅਮਰੀਕਾ ਭਾਰਤ ਸਮਝੌਤਾ ਦੇ ਖ਼ਿਲਾਫ਼ ਅਤੇ ਬਿਜਲੀ ਸੋਧ ਬਿੱਲ, ਬੀਜ ਐਕਟ, ਕਿਰਤ ਕੋਡ ਰੱਦ ਕਰਵਾਉਣ ਅਤੇ ਮਨਰੇਗਾ ਦਾ ਪੁਰਾਣਾ ਸਰੂਪ ਬਹਾਲ ਕਰਵਾਉਣ ਲਈ ਜਥੇਬੰਦੀਆਂ ਵਲੋਂ ਭਾਜਪਾ ਦੇ ਰਾਸ਼ਟਰੀ ਆਗੂ ਤਰੁਣ ਚੁੱਘ ਦੇ ਦਫ਼ਤਰ ਲਾਹੌਰੀ ਗੇਟ ਵਿਖੇ ਧਰਨਾ ਦਿੱਤਾ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ, ਔਰਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ, ਸੁੱਚਾ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਡਾ. ਪਰਮਿੰਦਰ ਸਿੰਘ ਪੰਡੋਰੀ, ਰਤਨ ਰੰਧਾਵਾ, ਕਿ੍ਸ਼ਨ ਸਿੰਘ ਔਲਖ ਟੀ. ਐੱਸ. ਯੂ., ਸੁੱਚਾ ਸਿੰਘ ਅਜਨਾਲਾ, ਧਨਵੰਤ ਸਿੰਘ ਖਤਰਾਏ ਕਲਾਂ ਅਤੇ ਲਖਬੀਰ ਸਿੰਘ ਨਿਜਾਮਪੁਰਾ ਨੇ ਕਿਹਾ ਕਿ ਭਾਰਤ ਸਰਕਾਰ ਜੋ ਦਬਾਅ ਹੇਠ ਕਰ ਮੁਕਤ ਸਮਝੌਤਾ ਅਮਰੀਕਾ ਤੇ ਹੋਰਨਾਂ ਯੂਰਪੀ ਮੁਲਕਾਂ ਨਾਲ ਕਰ ਰਹੀ ਹੈ ਉਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ | ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਮੋਦੀ ਕਿਸੇ ਭਾਰੀ ਦਬਾਅ ਹੇਠ ਅਮਰੀਕਾ ਨਾਲ ਸਮਝੌਤਾ ਕਰ ਰਹੇ ਹਨ, ਜਿਸ ਬਾਰੇ ਸੰਖੇਪ ਨਾਲ ਉਨ੍ਹਾਂ ਦੀ ਸਰਕਾਰ ਦੇਸ਼ ਵਾਸੀਆਂ ਨੂੰ ਕੁਝ ਵੀ ਦੱਸ ਨਹੀਂ ਰਹੀ ਉਲਟਾ ਸਾਰੇ ਬਿਆਨ ਅਮਰੀਕਾ ਤੋਂ ਭਾਰਤ ਆ ਰਹੇ ਹਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲੋਂ ਭਾਰਤ ਦੇ ਕਿਸਾਨਾਂ ਦੀ ਆਮਦਨ ਤਾਂ ਦੁੱਗਣੀ ਹੋਈ ਨਹੀਂ ਪਰ ਅਮਰੀਕਾ ਦੇ ਕਿਸਾਨਾਂ ਦੀ ਜ਼ਰੂਰ ਹੋ ਜਾਵੇਗੀ | ਆਗੂਆਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਪੂਰੇ ਦੇਸ਼ 'ਚ ਅੰਦੋਲਨ ਹੋਵੇਗਾ | ਉਨ੍ਹਾਂ ਕਿਹਾ ਕਿ ਐੱਸ. ਕੇ. ਐੱਮ. ਵਲੋਂ 10 ਮਾਰਚ ਨੂੰ ਬਰਨਾਲਾ ਵਿਖੇ ਵੱਡੀ ਕਾਨਫਰੰਸ ਕੀਤੀ ਜਾਵੇਗੀ | ਇਸ ਦੇ ਨਾਲ ਉਨ੍ਹਾਂ ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ 'ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਬਰ ਕਰਕੇ ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਦਬਾ ਰਹੀ ਹੈ | ਇਸ ਮੌਕੇ ਰਤਨ ਸਿੰਘ ਰੰਧਾਵਾ, ਜਗਜੀਵਨ ਸਿੰਘ ਤਲਵੰਡੀ, ਕੰਵਲਜੀਤ ਕੌਰ ਐਡਵੋਕੇਟ, ਮਲਕੀਅਤ ਸਿੰਘ ਸੈਂਸਰਾ ਟੀ. ਐੱਸ. ਯੂ., ਹਰਜੀਤ ਸਿੰਘ ਝੀਤਾ, ਭੁਪਿੰਦਰ ਸਿੰਘ ਛੀਨਾ, ਸੁਖਦੇਵ ਸਿੰਘ ਸੈਂਸਰਾ, ਸੁੱਚਾ ਸਿੰਘ ਖਤਰਾਏ ਕਲਾਂ, ਚਰਨਜੀਤ ਸਿੰਘ ਰਾਜੇਵਾਲ, ਜਸਪਾਲ ਸਿੰਘ ਠੇਕਾ ਮੁਲਾਜ਼ਮ ਆਦਿ ਹਾਜ਼ਰ ਸਨ |
ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਜਥੇਬੰਦੀਆਂ ਵਲੋਂ ਭਾਜਪਾ ਆਗੂ ਤਰੁਣ ਚੁੱਘ ਦੇ ਦਫ਼ਤਰ ਅੱਗੇ ਧਰਨਾ <br/>
ਅਜੀਤ ਡੈਸਕ
23-02-2026