ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੈਂਬਰ ਰਾਜ ਸਭਾ ਤਰਲੋਚਨ ਸਿੰਘ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅੰਮਿ੍ਤਸਰ ਵਿਕਾਸ ਮੰਚ ਵਲੋਂ, 'ਗੁਰੂ ਦਾ ਸਚਿਆਰ ਸਿੱਖ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਆਰੰਭਤਾ ਕਰਦਿਆਂ ਹੋਇਆਂ ਪਿ੍ੰ: ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਤਰਲੋਚਨ ਸਿੰਘ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਮੈਂਬਰ ਹੋਣ ਸਦਕਾ ਉਨ੍ਹਾਂ ਦਾ ਵਿਅਕਤਿਤਵ ਸਿੱਖ ਆਦਰਸ਼ਾਂ ਨੂੰ ਪ੍ਰਣਾਇਆ ਹੋਇਆ ਹੈ | ਹਰਜਾਪ ਸਿੰਘ ਔਜਲਾ ਨੇ ਕਿਹਾ ਕਿ ਸ: ਤਰਲੋਚਨ ਸਿੰਘ ਨੇ ਆਪਣੀ ਲਿਆਕਤ ਸਦਕਾ ਆਪਣੇ ਜੀਵਨ ਦਾ ਸਫ਼ਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਤੋਂ ਸ਼ੁਰੂ ਕਰਕੇ ਰਾਸ਼ਟਰਪਤੀ ਭਵਨ ਤਕ ਉੱਚ ਰੁਤਬਾ ਹਾਸਿਲ ਕਰਕੇ ਪੂਰਾ ਕੀਤਾ | ਸਮਾਗਮ ਦੌਰਾਨ ਸ: ਤਰਲੋਚਨ ਸਿੰਘ ਵਲੋਂ ਅੰਮਿ੍ਤਸਰ ਵਿਖੇ ਸਥਾਪਿਤ ਕਰਵਾਏ ਮਹੱਤਵਪੂਰਨ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਹੋਇਆਂ ਪਿ੍ੰ: ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੁਰੂਕਸ਼ੇਤਰ ਵਿਖੇ ਪੈਨੋਰਮਾ ਦਾ ਉਦਘਾਟਨ ਕੀਤਾ ਤਾਂ ਉਨ੍ਹਾਂ ਦਾ ਸਾਥ ਦੇ ਰਹੇ ਤਰਲੋਚਨ ਸਿੰਘ ਨੇ ਉਨ੍ਹਾਂ ਕੋਲੋਂ ਅੰਮਿ੍ਤਸਰ ਦੇ ਰਾਮ ਬਾਗ਼ 'ਚ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਸਥਾਪਿਤ ਕਰਨ ਦੀ ਪ੍ਰਵਾਨਗੀ ਹਾਸਿਲ ਕਰ ਲਈ ਤੇ ਥੋੜ੍ਹੇ ਸਮੇਂ 'ਚ ਹੀ ਪੈਨੋਰਮਾ ਤਿਆਰ ਕਰ ਦਿੱਤਾ ਗਿਆ | ਸੰਨ 1973 'ਚ ਜਦੋਂ ਸ਼੍ਰੋਮਣੀ ਕਮੇਟੀ ਸੀ੍ਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਚੌੜਾਈ ਵਧਾਉਣ ਦੀ ਯੋਜਨਾ ਲਾਗੂ ਕਰ ਰਹੀ ਸੀ ਤਾਂ ਹੋਰ ਸਰਗਰਮ ਜਥੇਬੰਦੀਆਂ ਦੇ ਨਾਲ-ਨਾਲ ਤਰਲੋਚਨ ਸਿੰਘ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਰੋਜ਼ਾਨਾ ਅਜੀਤ ਅਖ਼ਬਾਰ ਦੇ ਤਤਕਾਲੀ ਸੰਸਥਾਪਕ ਐਡੀਟਰ ਸ: ਸਾਧੂ ਸਿੰਘ ਹਮਦਰਦ ਦੇ ਸਹਿਯੋਗ ਸਦਕਾ ਰਾਮਗੜ੍ਹੀਆ ਬੁੰਗੇ ਨੂੰ ਬਹਾਲ ਰੱਖਣ ਵਿਚ ਅਹਿਮ ਯੋਗਦਾਨ ਪਾਇਆ | ਇਸ ਦੌਰਾਨ ਹਰਦੀਪ ਸਿੰਘ ਚਾਹਲ ਨੇ ਵੀ ਸ: ਤਰਲੋਚਨ ਸਿੰਘ ਦੀਆਂ ਪ੍ਰਾਪਤੀਆਂ 'ਤੇ ਰੋਸ਼ਨੀ ਪਾਈ | ਐਡਵੋਕੇਟ ਸਰਬਜੀਤ ਸਿੰਘ ਵੇਰਕਾ ਵਲੋਂ ਸ਼ਹਿਰ ਦੀ ਚਾਰਦੀਵਾਰੀ ਦੇ ਅੰਦਰੂਨੀ ਸ਼ਹਿਰ ਵਿਸ਼ੇਸ਼ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਦੇ ਖੇਤਰ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਤਬਾਹ ਕਰਕੇ ਉਸਾਰੇ ਗਏ ਹੋਟਲਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ੱਕੀ ਕਾਰਗੁਜ਼ਾਰੀ ਬਾਰੇ ਭਰਵੀਂ ਜਾਣਕਾਰੀ ਦਿੱਤੀ, ਜਿਸ ਨੂੰ ਰੋਕਣ ਲਈ ਤਰਲੋਚਨ ਸਿੰਘ ਨੇ ਠੋਸ ਸੁਝਾਅ ਦਿੱਤੇ | ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਅੰਮਿ੍ਤਸਰ ਸ਼ਹਿਰ ਵਿਚੋਂ ਪਸ਼ੂਆਂ ਦੀਆਂ ਡੇਹਰੀਆਂ ਸ਼ਹਿਰੋਂ ਬਾਹਰ ਤਬਦੀਲ ਕਰਨ ਅਤੇ ਅੰਮਿ੍ਤਸਰ ਦੇ ਹਵਾਈ ਅੱਡੇ ਦੇ ਨਵੇਂ ਟਰਮੀਨਲ ਦੀ ਉਸਾਰੀ ਬਾਰੇ ਅੰਮਿ੍ਤਸਰ ਵਿਕਾਸ ਮੰਚ ਦੇ ਯਤਨਾਂ ਨੂੰ ਸਾਂਝਿਆਂ ਕੀਤਾ | ਸ: ਤਰਲੋਚਨ ਸਿੰਘ ਵਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਸਾਰੋਕਾਰਾਂ ਪ੍ਰਤੀ ਪਾਏ ਯੋਗਦਾਨ ਅਤੇ ਗੁਰੂ ਨਗਰੀ ਅੰਮਿ੍ਤਸਰ ਦੀ ਸ਼ਾਨ ਨੂੰ ਵਧਾਉਣ ਲਈ ਕੀਤੇ ਉਪਰਾਲਿਆਂ ਦੇ ਲਈ ਅੰਮਿ੍ਤਸਰ ਵਿਕਾਸ ਮੰਚ ਦੀ ਕਾਰਜਕਾਰਨੀ ਵਲੋਂ ਉਨ੍ਹਾਂ ਨੂੰ 'ਗੁਰੂ ਦਾ ਸਚਿਆਰ ਸਿੱਖ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਮੋਹਣ ਸਿੰਘ ਬਰਾੜ, ਪ੍ਰਧਾਨ ਸੁਰਿੰਦਰ ਜੀਤ ਸਿੰਘ, ਇਤਿਹਾਸਕਾਰ ਸੁਰਿੰਦਰ ਕੋਛੜ, ਸਾਬਕਾ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ ਹਰਿੰਦਰ ਪਾਲ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰਤਾਪ ਸਿੰਘ ਗੁਰੀ, ਜਸਪਾਲ ਸਿੰਘ, ਰਾਜਵਿੰਦਰਜੀਤ ਸਿੰਘ, ਜਵਾਹਰ ਲਾਲ ਸਿੰਘ, ਹਰਦਿਆਲ ਸਿੰਘ ਬਾਜਵਾ, ਨਿਰਮਲ ਸਿੰਘ ਅਨੰਦ, ਜਤਿੰਦਰਪਾਲ ਸਿੰਘ ਤਿਲਕ ਨਗਰ, ਸੀ. ਏ. ਹਰਪ੍ਰੀਤ ਸਿੰਘ, ਐਡਵੋਕੇਟ ਹਰਮਨਦੀਪ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਅਹਿਮ ਯੋਗਦਾਨ ਪਾਇਆ ਗਿਆ |