ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਮੈਂਬਰ ਡਾਇਰੈਕਟਰ, ਰਾਮਗੜ੍ਹੀਆ ਵੈੱਲਫੇਅਰ ਬੋਰਡ (ਪੰਜਾਬ ਸਰਕਾਰ) ਸਤਨਾਮ ਸਿੰਘ ਮਠਾੜੂ ਨੇ ਹਰਿਆਣਾ 'ਚ ਸਾਹਮਣੇ ਆਈਆਂ ਵੱਡੀਆਂ ਵਿੱਤੀ ਗੜਬੜੀਆਂ 'ਤੇ ਤਿੱਖੀ ਪ੍ਰਤੀਕਿ੍ਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ 'ਚ 435 ਕਰੋੜ ਤੋਂ ਵੱਧ ਦੀ ਰੈਵੇਨਿਊ ਲੀਕੇਜ ਬੇਨਕਾਬ ਹੋ ਰਹੀ ਹੈ, ਤਦ ਉਥੋਂ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ 'ਚ ਪ੍ਰਚਾਰ ਕਰਨ 'ਚ ਰੁੱਝੇ ਹੋਏ ਹਨ | ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਹਰਿਆਣਾ 'ਚ ਭਾਜਪਾ ਦੀ ਸਰਕਾਰ ਹੈ, ਫਿਰ ਵੀ ਇਸ ਪੱਧਰ ਦੀਆਂ ਵਿੱਤੀ ਖਾਮੀਆਂ ਸਾਹਮਣੇ ਆ ਰਹੀਆਂ ਹਨ | ਉਨ੍ਹਾਂ ਕਿਹਾ ਜੋ ਆਪਣੇ ਸੂਬੇ ਦੀਆਂ ਕਮੀਆਂ ਦੂਰ ਨਹੀਂ ਕਰ ਸਕੇ, ਉਹ ਪੰਜਾਬ 'ਚ ਕਿਸ ਮੂੰਹ ਨਾਲ ਆ ਰਹੇ ਹਨ | ਮਠਾੜੂ ਨੇ ਦੱਸਿਆ ਕਿ 21 ਮਾਰਚ 2023 ਦੀ ਕੈਗ ਦੀ ਕੰਪਲਾਇੰਸ ਆਜਿਟ ਰਿਪੋਰਟ ਬੀਤੇ ਦਿਨੀਂ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ 'ਚ ਪੇਸ਼ ਕੀਤੀ ਗਈ | ਰਿਪੋਰਟ 'ਚ ਵੱਖ-ਵੱਖ ਵਿਭਾਗਾਂ 'ਚ ਵਿੱਤੀ ਗੜਬੜੀਆਂ, ਰੈਵੀਨਿਊ ਘਾਟੇ ਅਤੇ ਪ੍ਰਣਾਲੀਕ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਸਿੱਧੇ ਵਿੱਤੀ ਨੁਕਸਾਨ, ਘੱਟ ਲਾਗੂ ਕੀਤੀਆਂ ਲੇਵੀਆਂ, ਜੁਰਮਾਨਿਆਂ ਅਤੇ ਬੇਫ਼ਾਇਦਾ ਖਰਚਿਆਂ ਸਮੇਤ ਕੁੱਲ ਪ੍ਰਭਾਵ 435 ਕਰੋੜ ਤੋਂ ਵੱਧ ਹੈ, ਜੋ ਗੜਬੜੀਆਂ ਕਮਜ਼ੋਰ ਨਿਗਰਾਨੀ ਤੇ ਪ੍ਰਬੰਧਕੀ ਨਾਕਾਮੀ ਦਾ ਨਤੀਜਾ ਹਨ | ਉਨ੍ਹਾਂ ਦੱਸਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ ਵਲੋਂ ਨੀਤੀ ਦੀ ਉਲੰਘਣਾ ਕਰਦੇ ਹੋਏ ਘੱਟ ਦਰ 'ਤੇ ਪਲਾਟ ਅਲਾਟ ਕਰਨ ਨਾਲ 1.97 ਕਰੋੜ ਦਾ ਨੁਕਸਾਨ ਹੋਇਆ | ਇਸੇ ਤਰ੍ਹਾਂ ਜੰਗਲ ਵਿਭਾਗ ਵਲੋਂ ਨਿਯਮਾਂ ਅਨੁਸਾਰ ਰਕਮ ਦੀ ਮੰਗ ਨਾ ਕਰਨ ਨਾਲ 22.63 ਕਰੋੜ ਦਾ ਜੰਗਲ ਫੰਡ ਘਾਟਾ ਪਿਆ |