ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਸਥਾਨਕ ਕਚਿਹਰੀ ਚੌਕੀ ਦੇ ਇਕ ਪੁਲਿਸ ਮੁਲਾਜ਼ਮ ਵਲੋਂ ਚੋਰੀ ਸ਼ੁਦਾ ਮੋਟਰਸਾਈਕਲ ਚਲਾਏ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਪੁਲਿਸ ਨੇ ਆਪਣੇ ਮੁਲਾਜ਼ਮ ਦਾ ਬਚਾਅ ਕਰਦਿਆਂ ਸਫਾਈ ਦਿੱਤੀ ਹੈ ਕਿ ਉਹ ਚੋਰੀਸ਼ੁਦਾ ਮੋਟਰਸਾਈਕਲ ਚਲਾ ਨਹੀਂ ਰਿਹਾ ਸੀ ਬਲਕਿ ਚੌਕੀ ਤੋਂ ਥਾਣਾ ਸਮੂਹ 'ਚ ਚਲਾ ਕੇ ਛੱਡਣ ਆ ਰਿਹਾ ਸੀ | ਦੱਸਣਯੋਗ ਹੈ ਕਿ ਏ. ਐੱਸ. ਆਈ. ਰੈਂਕ ਦਾ ਪੁਲਿਸ ਮੁਲਾਜ਼ਮ ਜੋ ਕਿ ਇਸ ਵੇਲੇ ਚੌਕੀ ਕਚਿਹਰੀ ਸਮੂਹ ਵਿਖੇ ਤਾਇਨਾਤ ਹੈ ਬੀਤੇ ਦਿਨ ਚੋਰੀਸ਼ੁਦਾ ਮੋਟਰਸਾਈਕਲ ਚਲਾਉਂਦਾ ਪਾਇਆ ਗਿਆ ਸੀ, ਜਿਸ ਦੀ ਕਿਸੇ ਵਲੋਂ ਵੀਡੀਓ ਬਣਾ ਕੇ ਸ਼ੋਸਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਸੀ | ਇਸ ਮੋਟਰਸਾਈਕਲ 'ਤੇ ਕੋਈ ਨੰਬਰ ਨਹੀਂ ਲਗਿਆ ਸੀ ਤੇ ਜਦੋਂ ਸੰਬੰਧਿਤ ਥਾਣੇਦਾਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਵੀਡੀਓ 'ਚ ਦਾਅਵਾ ਕੀਤਾ ਸੀ ਕਿ ਮੋਟਰਸਾਈਕਲ ਚੋਰੀ ਦਾ ਨਹੀਂ ਉਸਦਾ ਹੀ ਹੈ | ਥਾਣਾ ਸਿਵਲ ਲਾਈਨ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਲੈਟੀਨਾ ਮੋਟਰਸਾਈਕਲ ਹੈ ਜੋ ਕਿ ਚੌਕੀ ਕੋਰਟ ਕੰਪਲੈਕਸ 'ਚ ਲਾਵਾਰਸ ਹਾਲਾਤ 'ਚ ਮਿਲਿਆ ਸੀ, ਜਿਸ ਦੇ ਅੱਗੇ ਪਿਛੇ ਕੋਈ ਨੰਬਰ ਨਹੀਂ ਸੀ ਤੇ ਇਸ ਦਾ ਕੋਈ ਵੀ ਵਾਲੀ ਵਾਰਿਸ ਸਾਹਮਣੇ ਨਹੀਂ ਆਇਆ ਸੀ, ਜਿਸ ਉਪਰੰਤ ਇਹ ਮੋਟਰਸਾਈਕਲ ਮੁਲਾਜਮ ਥਾਣਾ ਸਿਵਲ ਲਾਈਨ ਵਿਖੇ ਛੱਡਣ ਲਈ ਆ ਰਿਹਾ ਸੀ | ਵੀਡੀਓ 'ਚ ਪਲੈਟੀਨਾ ਮੋਟਰਸਾਈਕਲ ਆਪਣਾ ਹੋਣ ਦਾ ਦਾਅਵਾ ਕਰਨ ਸੰਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਪਲੈਟੀਨਾ ਮੋਟਰਸਾਈਕਲ ਦੀ ਗੱਲ ਨਹੀਂ ਕਰ ਰਿਹਾ ਸਗੋਂ ਉਸ ਕੋਲ ਆਪਣਾ ਪਲੈਟੀਨਾ ਮੋਟਰਸਾਈਕਲ ਵੀ ਹੈ | ਉਨ੍ਹਾਂ ਕਿਹਾ ਕਿ ਹਰ ਪੱਖੋਂ ਮੁਲਾਜ਼ਮ ਆਪਣੀ ਡਿਊਟੀ ਬਾਖ਼ੂਬੀ ਨਿਭਾਅ ਰਿਹਾ ਹੈ ਤੇ ਕਿਤੇ ਵੀ ਗਲਤੀ ਦੀ ਗੁੰਜਾਇਸ਼ ਨਹੀਂ ਹੈ |
ਮਾਮਲਾ ਕਚਹਿਰੀ ਚੌਕੀ ਦੇ ਪੁਲਿਸ ਮੁਲਾਜਮ ਵਲੋਂ ਚੋਰੀ ਦਾ ਮੋਟਰਸਾਈਕਲ ਚਲਾਉਣ ਦਾ ਐੱਸ. ਐੱਚ. ਓ. ਨੇ ਦਿੱਤੀ ਸਫਾਈ, ਕਿਹਾ ਚੋਰੀ ਦਾ ਮੋਟਰਸਾਈਕਲ ਚਲਾ ਕੇ ਛੱਡਣ ਆ ਰਿਹਾ ਸੀ ਮੁਲਾਜ਼ਮ <br/>
ਅਜੀਤ ਡੈਸਕ
24-02-2026