ਅੰਮਿ੍ਤਸਰ, 23 ਫਰਵਰੀ (ਜਸਵੰਤ ਸਿੰਘ ਜੱਸ)-ਖ਼ੁਦਮੁਖ਼ਤਿਆਰ ਤੇ ਇਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਇਥੇ ਹੋਏ 119ਵੇਂ ਸਾਲਾਨਾ ਕਾਨਵੋਕੇਸ਼ਨ ਦੌਰਾਨ ਖ਼ਾਲਸਾ 'ਵਰਸਿਟੀ ਦੇ ਕੁਲਪਤੀ ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਤੇ ਆਨ: ਸਕੱਤਰ ਤੇ ਵਰਸਿਟੀ ਦੇ ਪ੍ਰੋ: ਕੁਲਪਤੀ ਰਜਿੰਦਰਮੋਹਨ ਸਿੰਘ ਛੀਨਾ ਵਲੋਂ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕਲਾਸਾਂ 'ਚ ਪੜ੍ਹਾਈ ਦੇ 50 ਵੱਖ-ਵੱਖ ਵਿਸ਼ਿਆਂ ਦੇ ਕਰੀਬ 1430 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ 60 ਤੋਂ ਵਧੇਰੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਅਕਾਦਮਿਕ ਸਮਾਗਮ 'ਚ ਤਗਮਿਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਖ਼ਾਲਸਾ ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਤੇ ਕਾਲਜ ਪਿੰ੍ਰਸੀਪਲ ਡਾ. ਆਤਮ ਸਿੰਘ ਰੰਧਾਵਾ ਵੀ ਮੌਜੂਦ ਸਨ | ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਉਕਤ ਡਿਗਰੀ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੁਲਪਤੀ ਸ: ਮਜੀਠੀਆ ਨੇ ਕਿਹਾ ਕਿ ਹਰੇਕ ਵਿਦਿਆਰਥੀ ਦੀ ਜ਼ਿੰਦਗੀ 'ਚ ਡਿਗਰੀ ਵੰਡ ਸਮਾਰੋਹ ਬਹੁਤ ਹੀ ਮਹੱਤਵਪੂਰਨ ਤੇ ਯਾਦਗਾਰ ਪਲ ਹੁੰਦਾ ਹੈ | ਇਹ ਸਿਰਫ਼ ਡਿਗਰੀ ਹਾਸਿਲ ਕਰਨ ਦਾ ਸਮਾਂ ਨਹੀਂ, ਬਲਕਿ ਸਾਲਾਂ ਦੀ ਮਿਹਨਤ, ਸੰਘਰਸ਼ ਤੇ ਸਮਰਪਣ ਦਾ ਸਨਮਾਨ ਵੀ ਹੁੰਦਾ ਹੈ | ਇਸ ਮੌਕੇ ਆਨ: ਸਕੱਤਰ ਰਜਿੰਦਰਮੋਹਨ ਸਿੰਘ ਛੀਨਾ ਨੇ ਕਿਹਾ ਕਿ ਡਿਗਰੀ ਹਾਸਿਲ ਕਰਨਾ ਅੰਤ ਨਹੀਂ, ਬਲਕਿ ਇਕ ਨਵੀਂ ਸ਼ੁਰੂਆਤ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਅਸਲ ਜੀਵਨ ਦੀਆਂ ਚੁਣੌਤੀਆਂ ਹੁਣ ਉਨ੍ਹਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ | ਇਸ ਲਈ ਵਿਦਿਆਰਥੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਗਿਆਨ ਅਤੇ ਕਾਬਲੀਅਤ ਸਮਾਜ ਤੇ ਦੇਸ਼ ਦੀ ਤਰੱਕੀ ਲਈ ਅਹਿਮ ਯੋਗਦਾਨ ਪਾਵੇਗਾ | ਇਸ ਮੌਕੇ ਕਾਲਜ ਪਿ੍ੰ: ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਉਕਤ ਡਿਗਰੀ ਸਮਾਰੋਹ ਦੀ ਹਰੇਕ ਗਤੀਵਿਧੀ ਨੂੰ ਪੰਜਾਬੀ ਭਾਸ਼ਾ ਤਹਿਤ ਉਲੀਕਿਆ ਗਿਆ | ਇਸ ਦੌਰਾਨ ਉਨ੍ਹਾਂ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ, ਜਿਸ 'ਚ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਸੰਬੰਧੀ ਪ੍ਰਾਪਤੀਆਂ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਕਾਲਜ ਨੂੰ ਬੀ. ਐੱਸ. ਸੀ. ਖੇਤੀਬਾੜੀ ਡਿਗਰੀ ਨੂੰ ਨੈਕ ਅਤੇ ਆਈ. ਸੀ. ਏ. ਆਰ. ਮਾਨਤਾ ਦੁਆਰਾ ਏ-ਪਲੱਸ ਦਰਜਾ ਪ੍ਰਾਪਤ ਕਰਨ 'ਤੇ ਮਾਣ ਹੈ | ਇਸ ਮੌਕੇ ਖ਼ਾਲਸਾ 'ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੂੰ ਸੰਸਥਾ ਦੇ ਪਿ੍ੰਸੀਪਲ ਵਜੋਂ ਆਪਣੇ ਕਾਰਜਕਾਲ ਦੌਰਾਨ ਕਾਲਜ 'ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ | ਇਸ ਮੌਕੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਰਜਿਸਟਰਾਰ ਡਾ. ਦਵਿੰਦਰ ਸਿੰਘ ਤੋਂ ਇਲਾਵਾ ਹਾਜ਼ਰ ਸ਼ਖਸੀਅਤਾਂ ਵਿਚ 'ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਲਖਵਿੰਦਰ ਸਿੰਘ ਢਿੱਲੋਂ, ਰਾਜਬੀਰ ਸਿੰਘ, ਸੰਤੋਖ ਸਿੰਘ ਸੇਠੀ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਗਿੱਲ, ਪਿ੍ੰਸੀਪਲ ਗੁਰਦੇਵ ਸਿੰਘ, ਪ੍ਰੋ: ਰਮਿੰਦਰ ਕੌਰ, ਡੀ. ਐੱਸ. ਰਟੌਲ ਸਮੇਤ ਹੋਰ ਟੀਚਿੰਗ ਅਤੇ ਨਾਨ-ਟੀਚਿੰਗ ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
ਖ਼ਾਲਸਾ ਕਾਲਜ ਦੇ 119ਵੇਂ ਕਾਨਵੋਕੇਸ਼ਨ ਦੌਰਾਨ ਮਜੀਠੀਆ ਤੇ ਛੀਨਾ ਨੇ 1430 ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ <br/>
ਅਜੀਤ ਡੈਸਕ
24-02-2026