ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਾਤਲ ਦੇ ਓ.ਪੀ.ਡੀ. ਬਲਾਕ ਉਪਰ ਲੱਗੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸੋਲਰ ਪਲਾਂਟ ਨਾਲ ਲੱਖਾਂ ਦਾ ਬਿਜਲੀ ਦੇ ਬਿੱਲ 'ਚ ਕਟੌਤੀ ਹੋਈ ਹੈ ਅਤੇ ਇਹ ਇਸ ਵੇਲੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਵਾ ਈ.ਐੱਨ.ਟੀ. ਹਸਪਤਾਲ 'ਚ ਵੀ ਚਾਲੂ ਹਾਲਾਤ 'ਚ ਹੈ | ਇਹ ਦਾਅਵਾ ਕਰਦਿਆਂ ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਪਲਾਂਟ 'ਚ ਪਿਛਲੇ ਸਾਲ ਚੋਰੀ ਹੋਈ ਸੀ ਜਿਸ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਇਸਦਾ ਬੀਮਾ ਹੋਇਆ ਹੋਣ ਕਾਰਨ ਇਸ ਦੇ ਚੋਰੀ ਹੋਏ ਸਾਮਾਨ ਦੀ ਪੂਰਤੀ ਬੀਮਾ ਕੰਪਨੀ ਵਲੋਂ ਕੀਤੇ ਜਾਣ ਕਾਰਨ ਇਸ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਸੀ | ਦੱਸਣਯੋਗ ਹੈ ਕਿ ਕੁਝ ਲੋਕਾਂ ਨੇ ਖਦਸ਼ਾ ਜਤਾਇਆ ਸੀ ਕਿ ਇਹ ਪਲਾਟ ਜਿਸ 'ਤੇ ਅੰਦਾਜ਼ਨ ਪੰਜ ਕਰੋੜ ਦੀ ਕੀਮਤ ਆਈ ਹੈ ਅਤੇ ਚੋਰਾਂ ਵਲੋਂ ਇਸ ਦਾ ਸਾਮਾਨ ਚੋਰੀ ਕਰ ਲਏ ਜਾਣ ਕਾਰਨ ਇਹ ਪ੍ਰੋਜੈਕਟ ਠੱਪ ਹੋ ਗਿਆ ਹੈ ਅਤੇ ਹਸਪਤਾਲ ਨੂੰ ਲੱਖਾਂ ਰੁਪਏ ਬਿਜਲੀ ਬਿੱਲ ਅਦਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਬੀਤੇ ਸਾਲ ਸੋਲਰ ਪਲਾਂਟ ਦਾ ਕੀਮਤੀ ਸਾਮਾਨ ਜੋ ਅੰਦਾਜ਼ਨ 20 ਲੱਖ ਰੁਪਏ ਦਾ ਸੀ ਚੋਰੀ ਹੋ ਗਿਆ ਸੀ ਤੇ ਇਸ ਦੀ ਸਿਕਾਇਤ ਸੰਬੰਧਿਤ ਥਾਣਾ ਪੁਲਿਸ ਨੂੰ ਦਿੱਤੀ ਗਈ ਸੀ | ਡਾ: ਸਿੰਘ ਨੇ ਦੱਸਿਆ ਕਿ ਸੋਲਰ ਪਲਾਂਟ ਨਾਲ ਹਸਪਤਾਲ ਦੇ ਬਿਜਲੀ ਬਜ਼ਟ 'ਚ ਵੱਡੀ ਕਟੌਤੀ ਹੋਈ ਹੈ | ਸੋਲਰ ਪਲਾਂਟ ਦੇ ਬੰਦ ਹੋਣ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨਿਰਾਧਾਰ ਹਨ | ਉਨ੍ਹਾਂ ਦੱਸਿਆ ਕਿ ਇਸ ਸੋਲਰ ਪਲਾਂਟ ਦੀ ਪੈਨਲ ਦੀ ਸਰਵਿਸ ਕੀਤੀ ਜਾ ਰਹੀ ਹੈ ਤਾਂ ਜੋ ਇਹ ਆ ਰਹੀ ਗਰਮੀਂ ਦੇ ਮੌਸਮ 'ਚ ਬਿਜਲੀ ਦਾ ਉਤਪਾਦਨ ਹੋਰ ਵਧੇਰੇ ਕਰ ਸਕੇ |