ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਮਿਊਜ਼ਿਕ ਵਿਭਾਗ ਵਲੋਂ ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋ. ਪਵਨਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਵਿਸ਼ਾ 'ਮਾਨਸਿਕ ਪ੍ਰਬੰਧਨ ਅਤੇ ਸਮਾਜਿਕ ਸਦਭਾਵਨਾ ਲਈ ਸੰਗੀਤ' ਰੱਖਿਆ ਗਿਆ ਸੀ | ਸਮਾਗਮ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪ੍ਰੋ. ਜਗਰੂਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸੈਮੀਨਾਰ ਦੇ ਆਰੰਭ 'ਚ ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੋਕੇ ਦੌਰ 'ਚ ਸੰਗੀਤ ਮਨੁੱਖੀ ਮਨ ਨੂੰ ਤਣਾਅ ਮੁਕਤ ਕਰਨ ਦਾ ਸਭ ਤੋਂ ਉੱਤਮ ਸਾਧਨ ਹੈ | ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਮੁੱਖ ਬੁਲਾਰੇ ਪ੍ਰੋ. ਜਗਰੂਪ ਸਿੰਘ ਨੇ ਆਪਣੇ ਭਾਸ਼ਣ 'ਚ ਸੰਗੀਤ ਦੀ ਡੂੰਘਾਈ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸੰਗੀਤ ਕੇਵਲ ਮਨੋਰੰਜਨ ਨਹੀਂ, ਸਗੋਂ ਰੂਹ ਨੂੰ ਸਕੂਨ ਦੇਣ ਵਾਲੀ ਖ਼ੁਰਾਕ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਸਾਨੂੰ ਅਜਿਹਾ ਸੰਗੀਤ ਸੁਣਨਾ ਚਾਹੀਦਾ ਹੈ ਜੋ ਮਾਨਸਿਕ ਸੰਤੁਲਨ ਬਣਾਏ ਰੱਖਣ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ 'ਚ ਸਹਾਈ ਹੋਵੇ | ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਰਾਗਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹਰ ਰਾਗ ਦਾ ਆਪਣਾ ਵਿਸ਼ੇਸ਼ ਮਤਲਬ ਅਤੇ ਗਾਉਣ ਸ਼ੈਲੀ ਹੈ | ਉਨ੍ਹਾਂ ਕਿਹਾ ਕਿ ਦੁਨਿਆਵੀ ਸੰਗੀਤ ਦੇ ਨਾਲ-ਨਾਲ ਕੁਦਰਤੀ ਸੰਗੀਤ ਵੀ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ | ਸੈਮੀਨਾਰ ਦੌਰਾਨ ਵਿਦਿਆਰਥਣਾਂ ਵਲੋਂ ਸੰਗੀਤਕ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਦਾ ਸਭ ਨੇ ਆਨੰਦ ਮਾਣਿਆ | ਸਮਾਗਮ ਦੇ ਅਖ਼ੀਰ 'ਚ ਕਾਲਜ ਪ੍ਰਬੰਧਕਾਂ ਵਲੋਂ ਪ੍ਰੋ. ਜਗਰੂਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੁਰਹੰਸ ਸਿੰਘ ਨੇ ਬਾਖੂਬੀ ਨਿਭਾਈ | ਇਸ ਮੌਕੇ ਡਾ. ਹਰਜੀਵ ਕੌਰ, ਡਾ. ਗੁਰਜੰਟ ਸਿੰਘ, ਜਸਪਾਲ ਸਿੰਘ ਸੁਪਿਟੈਡੈਂਟ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |