ਅੰਮਿ੍ਤਸਰ, 5 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨ ਹੋਲੀ ਦੇ ਤਿਉਹਾਰ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੁੜਦੰਗ ਮਚਾਉਣ ਵਾਲੇ ਬਾਹਰਲੇ ਨੌਜਵਾਨਾਂ ਦੀ ਪੁਲਿਸ ਵਲੋਂ 'ਕੱਪੜਝਾੜ' ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਦਕਿ ਦੂਜੇ ਪਾਸੇ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ 'ਚ ਕਿਸੇ ਪ੍ਰਕਾਰ ਦਾ ਲਾਠੀਚਾਰਜ ਨਹੀਂ ਕੀਤਾ ਗਿਆ ਸਗੋਂ 'ਵਰਸਿਟੀ 'ਚ ਜਬਰਦਸਤੀ ਦਾਖਲ ਹੋਣ ਵਾਲੇ ਬਾਹਰੀ ਨੌਜਵਾਨਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀ ਰੰਗਾਂ ਨਾਲ ਹੋਲੀ ਮਨਾ ਰਹੇ ਸਨ, ਇਸ ਦੌਰਾਨ ਵੱਡੀ ਗਿਣਤੀ 'ਚ ਯੂਨੀਵਰਸਿਟੀ ਤੋਂ ਬਾਹਰਲੇ ਨੌਜਵਾਨਾਂ ਵਲੋਂ ਯੂਨੀਵਰਸਿਟੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ ਕਈ ਕਾਮਯਾਬ ਵੀ ਹੋ ਗਏ | ਇਸ ਦੌਰਾਨ ਮਾਹੌਲ ਜ਼ਿਆਦਾ ਵਿਗੜਣ ਕਾਰਨ 'ਵਰਸਿਟੀ ਦੇ ਸੁਰੱਖਿਆ ਦਸਤੇ ਦੇ ਨਾਲ ਪੁਲਿਸ ਦੇ ਵੱਡੀ ਗਿਣਤੀ 'ਚ ਮੁਲਾਜ਼ਮਾਂ ਨੂੰ ਮੋਰਚਾ ਸਾਂਭਣਾ ਪਿਆ ਅਤੇ ਮੁੱਖ ਗੇਟ 'ਤੇ ਹਲਕਾ ਲਾਠੀਚਾਰਜ ਕਰਕੇ ਭੀੜ ਨੂੰ ਤਿੱਤਰ-ਬਿੱਤਰ ਕਰਨਾ ਪਿਆ | ਇਸ ਸਬੰਧੀ ਕਈ ਵੀਡਿਓ ਸ਼ੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ, ਜਿਸ ਤੋਂ ਬਾਅਦ ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਹੋਲੀ ਵਾਲੇ ਦਿਨ ਬਾਹਰਲੇ ਨੌਜਵਾਨ ਜਬਰਦਸਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਦਾਖਲ ਹੋ ਕੇ ਵਿਦਿਆਰਥਣਾਂ ਨਾਲ ਛੇੜਖਾਨੀ ਕਰ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਵਲੋਂ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਦਰ ਪੁਲਿਸ ਵਲੋਂ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ ਸਗੋਂ ਯੂਨੀਵਰਸਿਟੀ 'ਚ ਦਾਖਲ ਹੋਣ ਵਾਲੇ ਬਾਹਰਲੇ ਨੌਜਵਾਨਾਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਹਰੇਕ ਤਿਉਹਾਰ ਜਾਬਤੇ 'ਚ ਰਹਿ ਕੇ ਮਨਾਉਣੇ ਚਾਹੀਦੇ ਹਨ ਅਤੇ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ |