ਅੰਮਿ੍ਤਸਰ, 10 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਬੋਟਨੀ, ਜ਼ੂਆਲੋਜੀ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਨੇ ਸਾਂਝੇ ਤੌਰ 'ਤੇ ਡੀ. ਏ. ਵੀ. ਕਾਲਜ, ਅੰਮਿ੍ਤਸਰ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਲਈ ਦੋ ਦਿਨਾਂ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ 'ਚ ਵਿਗਿਆਨਕ ਦਿ੍ਸ਼ਟੀਕੋਣ ਵਿਕਸਤ ਕਰਨਾ ਅਤੇ ਵਿਗਿਆਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਕਾਲਜ ਦੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਪਹਿਲੇ ਦਿਨ ਇਕ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ | ਕਾਲਜ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੇ ਦੂਜੇ ਦਿਨ ਵਿਦਿਆਰਥੀਆਂ ਦੁਆਰਾ ਵਿਗਿਆਨ 'ਤੇ ਅਧਾਰਿਤ ਇਕ ਸਕਿੱਟ ਪੇਸ਼ ਕੀਤੀ ਗਈ | ਜ਼ੁਆਲੋਜੀ ਵਿਭਾਗ ਦੇ ਮੁਖੀ ਡਾ. ਨੀਰਜ ਗੁਪਤਾ ਨੇ ਦੱਸਿਆ ਕਿ ਸਕਿਟ 'ਚ ਪਾਣੀ ਦੀ ਸੰਭਾਲ, ਜਲਵਾਯੂ ਪਰਿਵਰਤਨ, ਨਵਿਆਉਣਯੋਗ ਊਰਜਾ ਅਤੇ ਪੁਲਾੜ ਖੋਜ ਵਰਗੇ ਗੰਭੀਰ ਵਿਸ਼ਿਆਂ ਨੂੰ ਸਰਲ ਅਤੇ ਮਨੋਰੰਜਕ ਢੰਗ ਨਾਲ ਪੇਸ਼ ਕੀਤਾ ਗਿਆ | ਬਨਸਪਤੀ ਵਿਗਿਆਨ ਵਿਭਾਗ ਦੀ ਮੁਖੀ ਡਾ. ਰਜਨੀ ਬਾਲਾ ਨੇ ਕਿਹਾ ਕਿ ਰਾਸ਼ਟਰੀ ਵਿਗਿਆਨ ਦਿਵਸ ਸਾਨੂੰ ਸਰ ਸੀ.ਵੀ. ਰਮਨ ਦੀ ਯਾਦਗਾਰੀ ਖੋਜ ਦੀ ਯਾਦ ਦਿਵਾਉਂਦਾ ਹੈ | ਪ੍ਰੋਗਰਾਮ ਦੇ ਅਖ਼ੀਰ 'ਚ ਜੇਤੂ ਭਾਗੀਦਾਰਾਂ ਨੂੰ ਇਨਾਮ ਵੰਡੇ ਗਏ | ਅਨੁਰਾਗ ਧੀਮਾਨ ਨੂੰ ਪਹਿਲਾ ਇਨਾਮ, ਕਿਰਨਦੀਪ ਕੌਰ ਨੂੰ ਦੂਜਾ ਅਤੇ ਮਿਤਾਲੀ ਨੂੰ ਤੀਜਾ ਇਨਾਮ ਦਿੱਤਾ ਗਿਆ | ਇਸ ਮੌਕੇ ਪ੍ਰੋ. ਰੇਣੂ ਚੌਹਾਨ, ਡਾ. ਆਸ਼ੀਸ਼ ਗੁਪਤਾ, ਪ੍ਰੋ. ਅਮਨਜੋਤ ਕੌਰ, ਪ੍ਰੋ. ਨਿਹਿਤਾ ਸ਼ਰਮਾ, ਡਾ. ਸਾਕਸ਼ੀ ਅਤੇ ਡਾ. ਹਰਸਿਮਨ ਸ਼ਾਮਲ ਸਨ |