ਅੰਮਿ੍ਤਸਰ, 10 ਮਾਰਚ (ਸੁਰਿੰਦਰ ਕੋਛੜ)-ਅਮਰੀਕਾ-ਇਜ਼ਰਾਈਲ ਦੇ ਈਰਾਨ ਨਾਲ ਵਧਦੇ ਕੌਮਾਂਤਰੀ ਤਣਾਅ ਦਾ ਅੰਮਿ੍ਤਸਰ ਦੇ ਸੈਰ-ਸਪਾਟਾ ਅਤੇ ਹੋਟਲ ਕਾਰੋਬਾਰ 'ਤੇ ਵੀ ਅਸਰ ਪੈ ਰਿਹਾ ਹੈ | ਕੌਮਾਂਤਰੀ ਉਡਾਣਾਂ 'ਚ ਬਦਲਾਅ ਅਤੇ ਕੁਝ ਉਡਾਣਾਂ ਦੇ ਰੱਦ ਹੋਣ ਨਾਲ ਟ੍ਰੈਵਲ ਏਜੰਸੀਆਂ, ਸੈਰ-ਸਪਾਟਾ ਅਤੇ ਹੋਟਲ ਮਾਲਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ | ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਨਾਲ ਇਸ ਬਾਰੇ 'ਚ ਗੱਲਬਾਤ ਕਰਨ 'ਤੇ ਉਨ੍ਹਾਂ ਨੇ 'ਅਜੀਤ' ਨੂੰ ਦੱਸਿਆ ਕਿ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਮੱਧ ਪੂਰਬ ਦੇ ਕਈ ਸ਼ਹਿਰਾਂ ਲਈ ਉਡਾਣ ਭਰਦੇ ਹਨ | ਜਦਕਿ, ਹਾਲ ਹੀ 'ਚ ਮੱਧ ਪੂਰਬ 'ਚ ਵਧੇ ਖੇਤਰੀ ਤਣਾਅ ਕਾਰਨ ਕੁਝ ਉਡਾਣਾਂ ਦੀ ਸਮਾਂ-ਸਾਰਣੀ ਅਤੇ ਰੂਟ ਬਦਲਿਆ ਗਿਆ ਹੈ ਅਤੇ ਕਈਆਂ ਨੂੰ ਰੱਦ ਵੀ ਕੀਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਈ ਹੈ | ਮਰਵਾਹਾ ਦਾ ਕਹਿਣਾ ਹੈ ਕਿ ਉਡਾਣਾਂ ਦੀ ਅਨਿਸ਼ਚਿਤਤਾ ਦੇ ਕਾਰਨ ਵਿਦੇਸ਼ੀ ਯਾਤਰਾ ਅਤੇ ਖ਼ਾਸ ਤੌਰ 'ਤੇ ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਲਈ ਟਿਕਟਾਂ ਦੀ ਬੁਕਿੰਗ 'ਚ ਭਾਰੀ ਗਿਰਾਵਟ ਆਈ ਹੈ | ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮਿ੍ਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਮੱਧ ਪੂਰਬ 'ਚ ਵਧੇ ਖੇਤਰੀ ਤਣਾਅ ਕਾਰਨ ਅੰਮਿ੍ਤਸਰ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਆਈ ਗਿਰਾਵਟ ਹੋਟਲਾਂ, ਟੂਰ-ਆਪ੍ਰੇਟਰਾਂ ਅਤੇ ਟੈਕਸੀ ਆਪ੍ਰੇਟਰਾਂ ਦੀ ਆਮਦਨ ਨੂੰ ਪ੍ਰਭਾਵਿਤ ਕਰ ਰਹੀ ਹੈ | ਕੌਮਾਂਤਰੀ ਤਣਾਅ ਕਾਰਨ ਬਹੁਤ ਸਾਰੇ ਸ਼ਹਿਰਾਂ 'ਚ ਹੋਟਲਾਂ ਦੀਆਂ ਬੁਕਿੰਗਾਂ ਵੀ ਰੱਦ ਹੋ ਰਹੀਆਂ ਹਨ | ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮਿ੍ਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਜੇਕਰ ਮੱਧ ਪੂਰਬ 'ਚ ਤਣਾਅ ਲੰਬੇ ਸਮੇਂ ਤੱਕ ਜਾਰੀ ਰਿਹਾ ਤਾਂ ਕੌਮਾਂਤਰੀ ਉਡਾਣਾਂ ਅਤੇ ਕਾਰਗੋ ਸੇਵਾਵਾਂ ਹੋਰ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਨਾਲ ਆਯਾਤ-ਨਿਰਯਾਤ ਵਪਾਰ ਦੇ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ |