ਅੰਮਿ੍ਤਸਰ, 11 ਮਾਰਚ (ਸੁਰਿੰਦਰ ਕੋਛੜ)-ਸ਼ਹਿਰ 'ਚ ਸੜਕਾਂ, ਫੁੱਟਪਾਥਾਂ, ਪਾਰਕਾਂ ਅਤੇ ਚੌਰਾਹਿਆਂ 'ਚ ਵੱਡੇ ਆਕਾਰ ਦੇ ਚੂਹਿਆਂ ਨੇ ਡੂੰਘੇ ਟੋਏ ਬਣਾ ਦਿੱਤੇ ਹਨ | ਇਨ੍ਹਾਂ ਟੋਇਆਂ 'ਚ ਮੀਂਹ ਦੌਰਾਨ ਪਾਣੀ ਭਰਨ ਨਾਲ ਫੁੱਟਪਾਥਾਂ ਦੀ ਜ਼ਮੀਨ ਹੇਠਾਂ ਧਸ ਰਹੀ ਹੈ | ਚੂਹਿਆਂ ਦੀ ਵੱਧ ਰਹੀ ਗਿਣਤੀ ਅਤੇ ਇਸ ਕਾਰਨ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਕੁਝ 'ਦਾਨੀ' ਲੋਕਾਂ ਵਲੋਂ ਆਪਣੀ ਆਤਮਿਕ ਸ਼ਾਂਤੀ ਜਾਂ ਦਾਨ-ਪੁੰਨ ਦੀ ਭਾਵਨਾ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਨਾਲ ਲਗਦੇ ਫੁੱਟਪਾਥਾਂ 'ਚ ਕਬੂਤਰਾਂ ਅਤੇ ਹੋਰਨਾਂ ਪੰਛੀਆਂ ਲਈ ਦਾਣੇ ਅਤੇ ਹੋਰ ਖਾਦ ਸਮੱਗਰੀਆਂ ਪਾਈਆਂ ਜਾ ਰਹੀਆਂ ਹਨ | ਜਿਸ ਕਾਰਨ ਇਨ੍ਹਾਂ ਫੁੱਟਪਾਥਾਂ 'ਚ ਚੂਹਿਆਂ ਵਲੋਂ ਵੀ ਆਪਣੇ ਖੁੱਡੇ ਬਣਾ ਲਏ ਗਏ ਹਨ, ਜਿਨ੍ਹਾਂ ਨੂੰ ਉੱਥੋਂ ਖਾਣ ਲਈ ਆਸਾਨੀ ਨਾਲ ਭੋਜਨ ਮਿਲ ਜਾਂਦਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਢਾਬਿਆਂ ਅਤੇ ਖਾਣ-ਪਾਣ ਦੀਆਂ ਰੇਹੜੀਆਂ ਵਾਲੇ ਜਿਨ੍ਹਾਂ ਥਾਵਾਂ ਜਾਂ ਫੁੱਟਪਾਥਾਂ ਵਿਖੇ ਬਚੀਆਂ ਰਹਿ ਗਈਆਂ ਅਤੇ ਖ਼ਰਾਬ ਹੋਈਆਂ ਬਣੀਆਂ ਸਬਜ਼ੀਆਂ, ਮੀਟ ਦੀਆਂ ਹੱਡੀਆਂ ਅਤੇ ਹੋਰ ਖ਼ਰਾਬ ਹੋ ਚੁੱਕੀਆਂ ਖਾਦ ਸਮੱਗਰੀਆਂ ਸੁੱਟਦੇ ਹਨ, ਉੱਥੇ ਇਨ੍ਹਾਂ ਚੂਹਿਆਂ ਦਾ ਇਕ ਵੱਡਾ 'ਸਾਮਰਾਜ' ਕਾਇਮ ਹੋ ਚੁੱਕਿਆ ਹੈ | ਸਥਾਨਕ ਭਾਈ ਵੀਰ ਸਿੰਘ ਚੌਕ (ਨਾਵਲਟੀ ਚੌਕ), ਰਾਮ ਬਾਗ ਡਿਓੜੀ ਦੇ ਨਾਲ ਵਿਰਾਸਤੀ ਚੌਕ, ਬੁਰਜ ਬਾਬਾ ਫੁਲਾ ਸਿੰਘ ਚੌਕ, ਸ਼ਿਵ ਪੁਰੀ, ਸੁਲਤਾਨਵਿੰਡ ਚੌਕ, ਰੇਲਵੇ ਸਟੇਸ਼ਨ, ਪੁਤਲੀਘਰ ਚੌਕ, ਇਸਲਾਮਾਬਾਦ ਸਮੇਤ ਤਿੰਨ ਦਰਜਨ ਤੋਂ ਵਧੇਰੇ ਚੌਕਾਂ ਤੇ ਚੌਰਾਹਿਆਂ 'ਚ ਚੂਹਿਆਂ ਵਲੋਂ ਬਣਾਏ ਡੂੰਘੇ ਟੋਏ ਅਤੇ ਹੇਠਾਂ ਧਸੀ ਜ਼ਮੀਨ ਸਾਫ਼ ਵਿਖਾਈ ਦੇ ਰਹੀ ਹੈ | ਇਸ ਕਾਰਨ ਕਈ ਹੋਰ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚੂਹਿਆਂ ਦੁਆਰੇ ਬਣਾਏ ਡੂੰਘੇ ਟੋਇਆਂ ਕਾਰਨ ਸੀਵਰੇਜ ਲਾਈਨ 'ਚ ਲੀਕੇਜ ਅਤੇ ਬਿਜਲੀ ਦੀਆਂ ਅੰਡਰਗਰਾਊਾਡ ਤਾਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਬਿਜਲੀ ਜਾਂ ਨਗਰ ਨਿਗਮ ਵਿਭਾਗ ਨੂੰ ਖੁਦਾਈ ਕਰਨ ਤੋਂ ਬਾਅਦ ਹੀ ਚੂਹਿਆਂ ਦੁਆਰਾ ਕੀਤੇ ਨੁਕਸਾਨ ਬਾਰੇ ਪਤਾ ਲੱਗਦਾ ਹੈ | ਕੁਝ ਇਲਾਕਿਆਂ 'ਚ ਰਹਿਣ ਵਾਲੇ ਲੋਕ ਚੂਹਿਆਂ ਤੋਂ ਇਸ ਲਈ ਵੀ ਪ੍ਰੇਸ਼ਾਨ ਹਨ, ਕਿਉਂਕਿ ਇਨ੍ਹਾਂ ਚੂਹਿਆਂ ਨੇ ਇੱਥੇ ਘਰਾਂ ਦੀਆਂ ਨੀਂਹਾਂ ਨੂੰ ਖੋਖਲਾ ਕਰ ਦਿੱਤਾ ਹੈ | ਇਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰ ਕਦੇ ਵੀ ਡਿੱਗ ਸਕਦੇ ਹਨ | ਕੁਝ ਬਾਹਰੀ ਬਸਤੀਆਂ ਅਤੇ ਕੱਚੇ ਘਰਾਂ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਚੂਹਿਆਂ ਵਲੋਂ ਬਣਾਏ ਡੂੰਘੇ ਟੋਇਆਂ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਪੈ ਗਈਆਂ ਹਨ ਅਤੇ ਬਰਸਾਤ ਦੇ ਇਸ ਮੌਸਮ 'ਚ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ |