ਅੰਮਿ੍ਤਸਰ, 11 ਮਾਰਚ (ਹਰਮਿੰਦਰ ਸਿੰਘ)-ਸ਼ਹਿਰ 'ਚ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਬਾਜ਼ਾਰਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਰਾਤ ਦੇ ਸਮੇਂ ਸੜਕਾਂ 'ਤੇ ਨਿਕਲੀ | ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਹਦਾਇਤਾਂ 'ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਵਲੋਂ ਹਾਲ ਗੇਟ ਤੋਂ ਲੈ ਕੇ ਲੋਹਗੜ੍ਹ ਗੇਟ ਤੱਕ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ | ਇਸ ਕਾਰਵਾਈ ਦੌਰਾਨ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ, ਫੜ੍ਹੀਆਂ ਨੂੰ ਹਟਾਇਆ ਗਿਆ | ਇਸ ਤੋਂ ਇਲਾਵਾ ਅਸਟੇਟ ਵਿਭਾਗ ਦੀ ਟੀਮ ਵਲੋਂ ਛੇਹਰਟਾ ਨੂੰ ਜਾਣ ਵਾਲੀ ਸੜਕ 'ਤੇ ਵੀ ਕਾਰਵਾਈ ਕਰਦੇ ਹੋਏ ਰੇਹੜੀਆਂ ਨੂੰ ਚੁਕਿਆ ਗਿਆ | ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਰਾਣੇ ਸ਼ਹਿਰ ਦੀਆਂ ਸੜਕਾਂ ਨੂੰ ਪੂਰਨ ਤੌਰ 'ਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇਗਾ ਅਤੇ ਇਸ ਦੇ ਲਈ ਦਿਨ ਦੇ ਸਮੇਂ ਤੇ ਰਾਤ ਦੇ ਸਮੇਂ ਵੱਖਰੀ ਵੱਖਰੀ ਕਾਰਵਾਈ ਕੀਤੀ ਜਾਵੇਗੀ |