ਛੇਹਰਟਾ, 28 ਮਾਰਚ (ਪੱਤਰ ਪ੍ਰੇਰਕ)-ਪੀੜਤ ਦੁਕਾਨਦਾਰ ਵੇਦ ਖੋਸਲਾ ਨੇ ਦੱਸਿਆ ਕਿ ਉਹ 1986 ਤੋਂ ਮੇਨ ਚੌਕ ਛੇਹਰਟਾ ਵਿਚ ਨੀਲਮ ਕੁਮਾਰੀ ਤੋਂ ਇਕ ਦੁਕਾਨ ਕਿਰਾਏ 'ਤੇ ਲੈ ਕੇ ਮੋਬਾਈਲ ਟੈਲੀਕਾਮ, ਫੋਟੋ ਸਟੇਟ ਤੇ ਮਨੀ ਐਕਸਚੇਂਜਰ ਦਾ ਕਾਰੋਬਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਨੀਲਮ ਕੁਮਾਰੀ ਨਾਲ ਕਿਰਾਏ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਜੋ ਕਿ ਉਹ ਤਿੰਨ ਵਾਰ ਜਿੱਤ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕੁਝ ਸਮੇਂ ਤੋਂ ਇਹ ਦੁਕਾਨ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਖ਼ਰੀਦ ਲਈ ਹੈ, ਤੇ ਉਹ ਜਬਰੀ ਉਨ੍ਹਾਂ ਨੂੰ ਦੁਕਾਨਾਂ ਖ਼ਾਲੀ ਕਰਨ ਲਈ ਧਮਕੀਆਂ ਦੇ ਰਿਹਾ ਸੀ ਤੇ ਬੀਤੀ ਰਾਤ ਕਰੀਬ ਦੋ ਵਜੇ ਦੇ ਕਰੀਬ 'ਆਪ' ਦਾ ਸਰਪੰਚ ਆਪਣੇ ਦਰਜਨਾਂ ਸਾਥੀਆਂ ਸਮੇਤ ਚੌਕੀਦਾਰ ਨੂੰ ਬੰਧਕ ਬਣਾ ਕੇ ਨਜ਼ਦੀਕ ਦੁਕਾਨ ਦੀ ਦੀਵਾਰ ਤੋੜ ਕੇ ਉਨ੍ਹਾਂ ਦੀ ਦੁਕਾਨ ਅੰਦਰ ਦਾਖਲ ਹੋ ਗਿਆ, ਤੇ ਉਨ੍ਹਾਂ ਦੀ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਤੋੜ ਕੇ ਉੱਥੋਂ ਡੀ.ਵੀ.ਆਰ., ਕੁਝ ਨਕਦੀ, ਐਸੇਸਰੀਜ਼ ਚੋਰੀ ਕਰਨ ਦੇ ਨਾਲ-ਨਾਲ ਫੋਟੋ ਸਟੇਟ ਮਸ਼ੀਨਾਂ ਤੇ ਹੋਰ ਸਾਮਾਨ ਦੀ ਤੋੜ-ਫੋੜ ਕਰਦੇ ਹੋਏ ਸਾਰਾ ਸਾਮਾਨ ਦੁਕਾਨ ਤੋਂ ਬਾਹਰ ਸੁੱਟ ਦਿੱਤਾ | ਉਨ੍ਹਾਂ ਕਿਹਾ ਕਿ ਸਵੇਰੇ ਕਰੀਬ ਚਾਰ ਵਜੇ ਚੌਕੀਦਾਰ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੂਚਿਤ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਆਪ ਸਰਪੰਚ ਦੇ ਪੱਖ ਵਿਚ ਆਈਆ ਮਹਿਲਾ ਪ੍ਰਧਾਨ ਸਮੇਤ ਕਈ ਔਰਤਾਂ ਨੇ ਉਨ੍ਹਾਂ ਦੀ ਦੁਕਾਨ 'ਤੇ ਕਬਜ਼ਾ ਕਰਨ ਲਈ ਉਨ੍ਹਾਂ ਦੀਆਂ ਔਰਤਾਂ ਨਾਲ ਬੁਰਾ ਵਿਵਹਾਰ ਤੇ ਧੱਕਾ-ਮੁੱਕੀ ਵੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਨੇ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ | ਇਸ ਦੌਰਾਨ ਪੀੜਤ ਦੁਕਾਨਦਾਰ ਦੇ ਪੱਖ ਵਿਚ ਆਏ ਕਾਂਗਰਸੀ ਆਗੂ ਸਤੀਸ਼ ਬੱਲੂ, ਕੌਂਸਲਰ ਰਮਨ ਰੰਮੀ, ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਇੰਟਕ ਪ੍ਰਧਾਨ ਵਰਿੰਦਰ ਫੂਲ, ਜ਼ਿਲ੍ਹਾ ਯੂਥ ਪ੍ਰਧਾਨ ਰਾਹੁਲ ਕੁਮਾਰ, ਭਾਜਪਾ ਆਗੂ ਅਸ਼ਵਨੀ ਸ਼ਰਮਾ ਤੇ ਅਵਿਨਾਸ਼ ਸ਼ੈਲਾ ਸਮੇਤ ਸੈਂਕੜੇ ਦੁਕਾਨਦਾਰ ਇਕੱਠੇ ਹੋ ਗਏ ਤੇ ਦੋਸ਼ ਲਗਾਇਆ ਕਿ ਆਪ ਸਰਪੰਚ ਇਸ ਦੁਕਾਨ 'ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੌਰਾਨ ਦੁਕਾਨਦਾਰ ਦਾ ਸਾਮਾਨ ਅੰਦਰ ਰੱਖਣ ਸਮੇਂ ਦੋਵੇਂ ਪੱਖਾਂ ਵਿਚਾਲੇ ਭਾਰੀ ਹੰਗਾਮਾ ਹੋਇਆ ਤੇ ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ | ਮੌਕੇ 'ਤੇ ਪੁੱਜੇ ਏ.ਡੀ.ਸੀ.ਪੀ. ਸਿਨੋਵੇਲਾ, ਏ.ਸੀ.ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਤੇ ਥਾਣਾ ਛੇਹਰਟਾ ਦੇ ਇੰਚਾਰਜ ਲਵਪ੍ਰੀਤ ਸਿੰਘ ਨੇ ਸਥਿਤੀ ਨੂੰ ਕਾਬੂ ਵਿਚ ਕੀਤਾ | ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਛੇਹਰਟਾ ਦੇ ਮੁਖੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਖੋਸਲਾ ਫੋਟੋ ਸਟੇਟ ਐਂਡ ਟੈਲੀਕਾਮ ਵਲੋਂ ਉਨ੍ਹਾਂ ਨੂੰ ਦੁਕਾਨ 'ਤੇ ਕਬਜ਼ੇ ਦੀ ਸ਼ਿਕਾਇਤ ਦਿੱਤੀ ਗਈ ਹੈ | ਇਸ ਮਾਮਲੇ ਦੀ ਉਹ ਜਾਂਚ ਕਰ ਰਹੇ ਹਨ, ਜਿਸ ਨੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |