ਅੰਮਿ੍ਤਸਰ, 28 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਆਮ ਆਦਮੀ ਪਾਰਟੀ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਨਸਪ (ਪੰਜਾਬ ਸਰਕਾਰ) ਪ੍ਰਭਬੀਰ ਸਿੰਘ ਬਰਾੜ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਚੇਅਰਮੈਨੀਆਂ ਨਾਲ ਸੰਬੰਧਿਤ ਚੱਲ ਰਹੀ ਸਾਜ਼ਿਸ਼ ਨੂੰ ਬੇਨਕਾਬ ਕੀਤਾ | ਇਸ ਮੌਕੇ ਵਰੁਣ ਭਗਤ ਅਤੇ ਮੌਂਟੂ ਆਨੰਦ ਨੇ ਵੀ ਮਾਮਲੇ ਸੰਬੰਧੀ ਆਪਣਾ ਪੱਖ ਰੱਖਿਆ | ਵਰੁਣ ਭਗਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਡਾਵਰ ਪਿਛਲੇ ਚਾਰ ਸਾਲਾਂ ਤੋਂ ਬਿਜ਼ਨਸ ਪਾਰਟਨਰ ਰਹੇ ਹਨ ਅਤੇ ਚੱਲ ਰਹੇ ਕੇਸ 'ਚ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ | ਉਨ੍ਹਾਂ ਕਿਹਾ ਕਿ ਬਰਾੜ ਦਾ ਨਾਂਅ ਜਾਣ ਬੁੱਝ ਕੇ ਚੇਅਰਮੈਨੀਆਂ ਦੇ ਮਾਮਲੇ 'ਚ ਘਸੀਟਿਆ ਗਿਆ | ਵਰੁਣ ਭਗਤ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਵਲੋਂ ਗਲਤ ਜਾਣਕਾਰੀ ਫੈਲਾ ਕੇ ਮਾਮਲੇ ਨੂੰ ਰਾਜਨੀਤਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ | ਮੌਂਟੂ ਆਨੰਦ ਨੇ ਵੀ ਮੀਡੀਆ ਸਾਹਮਣੇ ਸਾਜ਼ਿਸ਼ ਨਾਲ ਜੁੜੇ ਕਈ ਤੱਥ ਸਾਂਝੇ ਕੀਤੇ | ਇਸ ਮੌਕੇ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਵਰੁਣ ਭਗਤ ਨੂੰ ਉਕਸਾਉਣ ਅਤੇ ਮਨੋਵਿਗਿਆਨਕ ਦਬਾਅ ਬਣਾਉਣ 'ਚ ਸਾਜ਼ਿਸ਼ਕਰਤਾਵਾਂ ਦੀ ਵੱਡੀ ਭੂਮਿਕਾ ਰਹੀ ਹੈ ਅਤੇ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਵੀ ਉਕਸਾਇਆ ਗਿਆ | ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ | ਬਰਾੜ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁੱਖ ਸਾਜ਼ਿਸ਼ਕਰਤਾਵਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੱਚਾਈ ਲੋਕਾਂ ਸਾਹਮਣੇ ਆ ਸਕੇ |