ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਫੈੱਡਰੇਸ਼ਨ ਆਫ ਆੜ੍ਹਤੀਆਂ ਵਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ | ਇਸ ਦੌਰਾਨ ਆੜ੍ਹਤੀਆਂ ਵਲੋਂ ਆਪਣੇ ਕੰਮ ਕਾਜ ਠੱਪ ਰੱਖੇ ਗਏ | ਉਥੇ ਦੂਸਰੇ ਪਾਸੇ ਮੌਸਮ 'ਚ ਆਈ ਤਬਦੀਲੀ ਕਾਰਨ ਅੱਜ ਵੀ ਕਣਕ ਦੀ ਆਮਦ ਮੰਡੀ 'ਚ ਨਹੀਂ ਹੋਈ | ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਅਮਨਦੀਪ ਸਿੰਘ ਛੀਨਾ ਦਾਣਾ ਮੰਡੀ ਭਗਤਾਂ ਵਾਲਾ ਨੇ ਦੱਸਿਆ ਕਿ ਆੜ੍ਹਤੀਆਂ ਦੀ ਢਾਈ ਫੀਸਦੀ ਦਾਮੀ ਘਟਾਉਣ ਦੇ ਰੋਸ ਵਜੋਂ ਸੂਬਾ ਪੱਧਰੀ ਹੜਤਾਲ ਸ਼ੁਰੂ ਕੀਤੀ ਗਈ ਹੈ | ਇਸ ਸੰਬੰਧੀ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਫੈਡਰੇਸ਼ਨ ਆਫ ਆੜ੍ਹਤੀਆ ਐਸੋ: ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਹੇਠ ਵਫਦ ਨਾਲ ਮੀਟਿੰਗ ਕੀਤੀ ਗਈ, ਪਰ ਇਹ ਮੀਟਿੰਗ ਬੇਸਿੱਟਾ ਰਹੀ, ਜਿਸ ਕਰਕੇ ਐਸੋ: ਵਲੋਂ ਅਗਲੇ ਦਿਨਾਂ ਦੌਰਾਨ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ | ਇਸ ਦੌਰਾਨ ਉਨ੍ਹਾਂ ਕਿਹਾ ਕਿ ਅਜੇ ਖੇਤਾਂ 'ਚ ਕਣਕ ਪੱਕੀ ਨਹੀਂ ਹੈ ਅਤੇ ਹਰ ਸਾਲ ਹੀ ਇਹ ਫਸਲ ਵਿਸਾਖੀ ਤੋਂ ਬਾਅਦ 15 ਅਪ੍ਰੈਲ ਨੂੰ ਪਹੁੰਚਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਇਹ ਹੜਤਾਲ ਤਿੱਖੇ ਸੰਘਰਸ਼ 'ਚ ਬਦਲ ਜਾਵੇਗੀ |