ਗੁਰਦੀਪ ਸਿੰਘ ਨਾਗੀ
ਮਾਨਾਂਵਾਲਾ, 2 ਅਪ੍ਰੈਲ- 'ਮਾੜਾ ਢੱਗਾ ਛੱਤੀ ਰੋਗ' ਸਾਬਤ ਹੋ ਰਿਹਾ ਅੰਮਿ੍ਤਸਰ-ਜਲੰਧਰ ਜੀ.ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬਣਿਆ ਫਲਾਈਓਵਰ | ਅੰਮਿ੍ਤਸਰ ਦੇ ਗੋਲਡਨ ਗੇਟ ਤੋਂ ਪਹਿਲਾਂ ਬਣਿਆ ਦੋਬੁਰਜੀ ਦਾ ਮੰਦਭਾਗਾ ਫਲਾਈਓਵਰ ਅੱਜ ਫੇਰ ਬੈਠ ਗਿਆ ਅਤੇ ਅੰਮਿ੍ਤਸਰ ਤੋਂ ਜਲੰਧਰ ਜਾਣ ਵਾਲੀ ਸੜਕ ਨੂੰ ਮੁਕੰਮਲ ਤੌਰ 'ਤੇ ਬੰਦ ਕਰਕੇ ਸਮੁੱਚੀ ਆਵਾਜਾਈ ਨੂੰ ਦੋਬੁਰਜੀ ਦੀ ਸਰਵਿਸ ਲੇਨ 'ਤੇ ਡਾਇਵਰਟ ਕਰ ਦਿੱਤਾ ਗਿਆ, ਜਿਸ ਨਾਲ ਇਕ ਵਾਰ ਫੇਰ ਦੋਬੁਰਜੀ ਵਿਚ ਆਵਾਜਾਈ ਦਾ ਭੱਠਾ ਬਹਿ ਗਿਆ ਹੈ ਅਤੇ ਆਵਾਜਾਈ ਜਾਮ ਦਾ ਸ਼ਿਕਾਰ ਹੋ ਕੇ ਕੁਝ ਸਕਿੰਟਾਂ ਦੇ ਸਫਰ ਨੂੰ 10 ਤੋਂ 20 ਮਿੰਟਾਂ ਵਿਚ ਤੈਅ ਕਰਨ ਲਈ ਮਜਬੂਰ ਹਨ | ਜ਼ਿਕਰਯੋਗ ਹੈ ਕਿ ਡੇਢ ਕੁ ਸਾਲ ਪਹਿਲਾਂ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬਣਾਇਆ ਗਿਆ ਫਲਾਈਓਵਰ ਚਾਲੂ ਕੀਤਾ ਗਿਆ ਅਤੇ ਅੰਮਿ੍ਤਸਰ ਨੂੰ ਆਉਣ ਤੇ ਅੰਮਿ੍ਤਸਰ ਤੋਂ ਜਾਣ ਵਾਲੇ ਲੱਖਾਂ ਲੋਕਾਂ (ਸ਼ਰਧਾਲੂਆਂ) ਨੂੰ ਨਿੱਤ ਦੀਆਂ ਪ੍ਰੇਸ਼ਾਨੀਆਂ ਤੇ ਘੰਟਿਆਂ ਬੱਧੀ ਜਾਮ ਤੋਂ ਨਿਜਾਤ ਮਿਲੀ ਸੀ ਪਰ ਦੋਬੁਰਜੀ ਦਾ ਇਹ ਫਲਾਈਓਵਰ ਬਣਨ ਤੋਂ ਬਾਅਦ ਜਲਦੀ ਹੀ ਵਿਵਾਦਾਂ ਵਿਚ ਘਿਰ ਗਿਆ, ਕਿਉਂਕਿ ਫਲਾਈਓਵਰ 'ਤੇ ਪਾਇਆ ਗਿਆ ਪ੍ਰੀਮਿਕਸ ਕੁਝ ਹੀ ਦਿਨਾਂ ਵਿਚ ਖਿੱਲਰ ਗਿਆ ਅਤੇ ਪੁਲ ਦੇ ਦੋਵੇਂ ਪਾਸੇ ਦੀਆਂ ਸੜਕਾਂ 'ਚ ਥਾਂ-ਥਾਂ 'ਤੇ ਟੋਏ ਪੈ ਗਏ ਅਤੇ ਪੁਲ ਨੂੰ ਕਦੇ ਸੱਜਿਓਾ ਤੇ ਕਦੇ ਖੱਬਿਓਾ ਬੰਦ ਕਰਕੇ ਮੁਰੰਮਤ ਕੀਤਾ ਜਾਂਦਾ ਅਤੇ ਜਿੰਨੀ ਵਾਰੀ ਮੁਰੰਮਤ ਕੀਤੀ ਜਾਂਦੀ ਤਾਂ ਓਨੀ ਵਾਰੀ ਆਵਾਜਾਈ ਵਿਚ ਵਿਘਨ ਪੈਂਦਾ ਤੇ ਇਨ੍ਹਾਂ ਟੋਇਆਂ ਕਰਕੇ ਅਨੇਕਾਂ ਹਾਦਸੇ ਵੀ ਵਾਪਰਦੇ ਤੇ ਲੋਕ ਫਲਾਈਓਵਰ ਬਣਾਉਣ ਵਾਲੀ ਕੰਪਨੀ ਤੇ ਸਰਕਾਰ ਨੂੰ ਕੋਸਦੇ | ਇਸ ਤੋਂ ਇਲਾਵਾ ਫਲਾਈਓਵਰ ਨੂੰ ਚਾਲੂ ਕਰਨ ਸਮੇਂ ਦੋਵੇਂ ਪਾਸੇ ਵਾਲੀਆਂ ਸੜਕਾਂ 'ਤੇ ਪਾਈ ਗਈ ਲੁਕ, ਜੋ ਫਿਰ ਕੁਝ ਦਿਨਾਂ ਬਾਅਦ ਹੀ ਪੁੱਟੀ ਗਈ ਤੇ ਇਕ ਵਾਰ ਫਿਰ ਸੜਕਾਂ 'ਤੇ ਪੈਂਚਰ ਲਾਏ ਗਏ ਪਰ ਕਾਮਯਾਬ ਨਹੀਂ ਹੋਏ, ਜਿਸ ਤੋਂ ਬਾਅਦ ਦੁਬਾਰਾ ਮਸ਼ੀਨਾਂ ਰਾਹੀਂ ਫਲਾਈਓਵਰ ਦੀਆਂ ਸੜਕਾਂ ਤੋਂ ਪ੍ਰੀਮਿਕਸ ਚੁੱਕਿਆ ਗਿਆ ਤੇ ਸੜਕਾਂ ਬਣਾਈਆਂ ਗਈਆਂ ਪਰ ਅਜੇ ਵੀ ਫਲਾਈਓਵਰ ਦੇ ਉੱਪਰ ਕੁਝ ਥਾਈਾ ਅਜਿਹੇ ਟੋਏ ਹਨ, ਜਿਨ੍ਹਾਂ ਵਿਚ ਲੋਕਾਂ ਦੇ ਵਾਹਣ ਖੜ੍ਹਚ-ਖੜ੍ਹਚ ਕਰਕੇ ਵੱਜਦੇ ਹਨ, ਜਿਸ ਨਾਲ ਜਿੱਥੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਥੇ ਕਈ ਵਾਰ ਹਾਦਸੇ ਵੀ ਵਾਪਰ ਚੱੁਕੇ ਹਨ | ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਹੋਈ ਬਰਸਾਤ ਕਰਕੇ ਅੰਮਿ੍ਤਸਰ ਤੋਂ ਜਲੰਧਰ ਜਾਣ ਵਾਲੀ ਫਲਾਈਓਵਰ ਉੱਪਰਲੀ ਸੜਕ ਵਿਚ 8 ਕੁ ਫੁੱਟ ਦਾ ਟੋਇਆ ਪੈ ਗਿਆ ਅਤੇ ਸੰਬੰਧਿਤ ਕੰਪਨੀ ਵਲੋਂ ਟੋਏ ਦੀ ਮੁਰੰਮਤ ਕਰਕੇ ਲੁਕ ਦਾ ਪੈਚ ਲਾ ਦਿੱਤਾ ਗਿਆ ਪਰ ਰਾਤ ਵੇਲੇ ਦੁਬਾਰਾ ਹੋਈ ਬਰਸਾਤ ਕਰਕੇ ਲੁਕ ਖੁਰ ਗਈ, ਟੋਏ ਵਿਚ ਪਾਣੀ ਰਿਸਣ ਕਰਕੇ ਸੜਕ ਦੇ ਨੇੜੇ-ਨੇੜੇ ਸਲਾਬ ਹੋਣ ਨਾਲ 8 ਫੁੱਟ ਚੌੜਾ ਟੋਇਆ 15-15 ਫੁੱਟ ਚੌੜਾ ਹੋ ਗਿਆ, ਜਿਸ ਦੀ ਹੁਣ ਨੈਸ਼ਨਲ ਹਾਈਵੇ ਦੇ ਮੁਲਾਜ਼ਮਾਂ ਨੇ ਮੁਰਮੰਤ ਸ਼ੁਰੂ ਕਰਵਾ ਦਿੱਤੀ ਹੈ, ਜਿਸ ਕਰਕੇ ਇਸ ਸੜਕ ਨੂੰ ਬੰਦ ਕਰਕੇ ਅਵਾਜਾਈ ਦੋਬੁਰਜੀ ਦੀ ਸਰਵਿਸ ਲੇਨ ਵੱਲ ਡਾਇਵਰਟ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਲਾਬ ਦੀ ਖਾਤਮੇ ਲਈ ਸੜਕ ਨੂੰ ਜੇ.ਸੀ.ਬੀ.ਮਸ਼ੀਨ ਨਾਲ ਦੋ-ਦੋ ਫੁੱਟ ਡੂੰਘਾ ਪੁੱਟ ਕਰਕੇ ਗਿੱਲੀ ਮਿੱਟੀ ਬਾਹਰ ਕੱਢੀ ਜਾਵੇਗੀ ਅਤੇ ਦੁਬਾਰਾ ਸੁੱਕੀ ਮਿੱਟੀ ਤੇ ਹੋਰ ਸਮੱਗਰੀ ਨਾਲ ਜਲਦ ਹੀ ਮੁਰੰਮਤ ਦਾ ਕੰਮ ਮੁਕੰਮਲ ਕਰਕੇ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ | ਹੁਣ ਇਹ ਤਾਂ ਸਮਾਂ ਹੀ ਦੱਸੇਗਾ ਵਾਰ-ਵਾਰ ਮੁਰੰਮਤ ਕਰਕੇ ਇਹ ਫਲਾਈਓਵਰ ਕਿੰਨਾ ਕੁ ਚਿਰ ਚੱਲੇਗਾ ਪਰ ਹਰ ਦੂਜੇ-ਤੀਜੇ ਮਹੀਨੇ ਹੁੰਦੀ ਇਸ ਦੀ ਮੁਰਮੰਤ ਨਾਲ ਇੰਝ ਜਾਪਦਾ ਜਿਵੇਂ ਇਸ ਫਲਾਈਓਵਰ ਨੂੰ ਬਣਾਉਣ ਲਈ ਵਰਤਿਆ ਗਿਆ ਮਟੀਰੀਅਲ ਨੀਵੇਂ ਪੱਧਰ ਦਾ ਹੋਵੇ? ਕਿ ਇਸ ਦੀ ਜਾਂਚ ਕਰਨੀ ਨਹੀਂ ਬਣਦੀ?
'ਮਾੜਾ ਢੱਗਾ ਛੱਤੀ ਰੋਗ' ਸਾਬਤ ਹੋ ਰਿਹਾ ਦੋਬੁਰਜੀ ਦਾ ਫਲਾਈਓਵਰ ਫਲਾਈਓਵਰ 'ਚ ਪਏ ਟੋਏ ਕਾਰਨ ਇਕ ਵਾਰ ਫੇਰ ਬਹਿ ਗਿਆ ਆਵਾਜਾਈ ਦਾ ਭੱਠਾ <br/>
ਅਜੀਤ ਡੈਸਕ
03-04-2026