ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਕਿਸਾਨੀ ਮਸਲਿਆਂ ਨੂੰ ਅਣਗੋਲਿਆਂ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲ਼ਾਫ ਡੀ. ਸੀ. ਦਫ਼ਤਰ ਅੱਗੇ ਪ੍ਰਭਾਵਸ਼ਾਲੀ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜਾਮਪੁਰਾ, ਜਤਿੰਦਰ ਸਿੰਘ ਛੀਨਾ, ਬਘੇਲ ਸਿੰਘ ਕੋਟਮੁਗਲ, ਗੁਰਦੇਵ ਸਿੰਘ ਵਰਪਾਲ, ਅਮਰੀਕ ਸਿੰਘ ਸੰਗਤਪੁਰਾ, ਹਰਜੀਤ ਸਿੰਘ ਝੀਤਾ, ਸ਼ਮਸ਼ੇਰ ਸਿੰਘ ਹੇਰ, ਸਵਿੰਦਰ ਸਿੰਘ ਮੀਰਾਂਕੋਟ, ਉਮਰਾਓ ਸਿੰਘ ਧਰਦਿਉ, ਸੁੱਚਾ ਸਿੰਘ ਨੇ ਕਿਹਾ ਕਿ ਕਿਸਾਨ ਪ੍ਰਤੀ ਪੰਜਾਬ ਸਰਕਾਰ ਦੇ ਸਭ ਦਾਅਵੇ ਖੋਖਲੇ ਹਨ ਕਿਉਂਕਿ ਉਹ ਲੰਮੇ ਸਮੇ ਤੋਂ ਕਿਸਾਨ ਖੇਤੀ ਨੀਤੀ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਖੇਤੀ ਨੀਤੀ ਦਾ ਖਰੜਾ ਤਿਆਰ ਕਰਵਾ ਕੇ ਉਸ ਨੂੰ ਲਾਗੂ ਕਰਨ 'ਚ ਨਾਕਾਮ ਸਾਬਤ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਖੇਤੀ ਸੰਕਟ ਹੱਲ ਕਰਨ ਲਈ ਲਾਭਕਾਰੀ ਅਤੇ ਵਾਤਾਵਰਣ ਪੱਖੀ ਨੀਤੀ ਬਣਾਈ ਜਾਵੇ, ਕਿਸਾਨ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਹੜ ਪੀੜਤਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਅਮਰੀਕਾ ਭਾਰਤ ਟਰੇਡ ਡੀਲ ਨੂੰ ਤੁਰੰਤ ਰੱਦ, ਸਬਜ਼ੀਆਂ, ਫਲਾਂ 'ਤੇ ਐੱਮ. ਐੱਸ. ਪੀ. ਦਿੱਤੀ ਜਾਵੇ | ਉਨ੍ਹਾਂ ਪੰਜਾਬ ਦੇ ਪਾਣੀਆਂ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਘਰ ਤੱਕ ਸਾਫ ਤੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ ਅਤੇ ਪਾਣੀਆਂ ਦਾ ਹੱਲ ਰਿਪੇਰੀਅਨ ਬੇਸਿਨ ਸਿਧਾਂਤ ਮੁਤਾਬਕ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਭਾਰਤ ਦੇ ਸਮੂਹ ਕਿਰਤੀ ਲੋਕ ਈਰਾਨ ਦੇ ਨਾਲ ਖੜੇ੍ਹ ਹਨ ਅਤੇ ਈਰਾਨ 'ਤੇ ਅਮਰੀਕਾ, ਇਜਰਾਇਲ ਵਲੋਂ ਸ਼ੁਰੂ ਕੀਤੀ ਨਿਹੱਕੀ ਜੰਗ ਬੰਦ ਕੀਤੀ ਜਾਵੇ | ਇਸ ਮੌਕੇ ਸਵਿੰਦਰ ਮੀਰਾਂਕੋਟ, ਸੁਖਵਿੰਦਰ ਚਾਹਲ, ਜੋਗਿੰਦਰ ਸਿੰਘ, ਨਿਸ਼ਾਨ ਸਿੰਘ, ਰਤਨ ਰੰਧਾਵਾ, ਜੋਗਿੰਦਰ ਸਿੰਘ ਗੋਪਾਲਪੁਰ, ਡਾ. ਪਰਮਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ |