ਵੇਰਕਾ, 9 ਅਪ੍ਰੈਲ (ਦੀਦਾਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਮੂਧਲ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਪ੍ਰਧਾਨ ਪਰਮਿੰਦਰ ਸਿੰਘ ਪੰਡੋਰੀ ਨੇ ਦੱਸਿਆ ਕਿ ਇਲਾਕੇ ਦੇ ਵਿਚ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਕਸਬਾ ਵੇਰਕਾ ਤੋਂ ਮੂਧਲ ਬਾਈਪਾਸ ਤੱਕ ਸੜਕ ਦੇ ਹਾਲਾਤ ਬਹੁਤ ਖਸਤਾ ਹਨ ਰੋਡ ਦੇ ਉੱਪਰ ਵੱਡੇ-ਵੱਡੇ ਟੋਏ ਪਏ ਹਨ ਲੰਮੇਂ ਸਮੇਂ ਤੋਂ ਇਲਾਕੇ ਦੇ ਲੋਕ ਇਹ ਸੜਕ ਬਣਾਉਣ ਦੀ ਮੰਗ ਕਰ ਰਹੇ ਹਨ ਤੇ ਨਾਲ ਮੂਧਲ ਬਾਈਪਾਸ ਤੋਂ ਜਹਾਂਗੀਰ ਪਿੰਡ ਦੇ ਗੇਟ ਤੱਕ ਸਰਵਿਸ ਲਾਈਨ ਪਾਸ ਹੈ, ਉਸ ਨੂੰ ਬਣਾਉਣ ਦੀ ਮੰਗ ਵੀ ਕੀਤੀ ਜਾ ਰਹੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ | ਇਹ ਪੂਰਬੀ ਹਲਕੇ ਦੇ ਅਧੀਨ ਇਲਾਕਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਕ ਪਾਸੇ ਸਰਕਾਰ ਹਰ ਰੋਜ਼ ਇਸ਼ਤਿਹਾਰ ਜਾਰੀ ਕਰ ਰਹੀ ਹੈ ਕਿ ਪੰਜਾਬ ਸਰਕਾਰ ਵੱਡੇ ਪੱਧਰ 'ਤੇ ਸੜਕਾਂ ਬਣਾਉਣ ਦਾ ਕੰਮ ਕਰ ਰਹੀ ਹੈ ਪਰ ਜ਼ਮੀਨੀ ਹਾਲਾਤ ਬਹੁਤ ਮਾੜੇ ਹਨ | ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿਚ ਵੀ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਹੈ ਪਰ ਫਿਰ ਵੀ ਲੋਕ ਖੱਜਲ ਖੁਆਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸਮੂਹ ਇਲਾਕਾ ਨਿਵਾਸੀ ਲੰਮੇ ਸਮੇਂ ਤੋਂ ਸੜਕ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਲਈ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ 11 ਅਪ੍ਰੈਲ ਨੂੰ ਮੂਧਲ ਬਾਈਪਾਸ 'ਤੇ ਸੰਕੇਤਕ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ, ਸਤਿੰਦਰ ਸਿੰਘ ਫਤਹਿਗੜ੍ਹ, ਗੁਰਪ੍ਰੀਤ ਸਿੰਘ ਮੂਧਲ, ਬਾਪੂ ਵਾਹਲਾ ਮੂਧਲ, ਰਾਣਾ ਫਤਹਿਗੜ੍ਹ ਸ਼ੁੱਕਰਚੱਕ, ਗੁਰਪ੍ਰੀਤ ਸਿੰਘ ਮੂਧਲ, ਪਰਗਟ ਸਿੰਘ ਆਦਿ ਹਾਜ਼ਰ ਸਨ |