ਅੰਮਿ੍ਤਸਰ, 9 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਅਧੀਨ ਅੰਮਿ੍ਤਸਰ ਸਟੇਸ਼ਨ 'ਤੇ ਤਾਇਨਾਤ ਟਿਕਟ ਚੈਕਿੰਗ ਸਟਾਫ਼ ਪਲਵਿੰਦਰ ਸਿੰਘ ਅਤੇ ਸੌਰਵ ਵਰਮਾ ਦੀ ਚੌਕਸੀ ਸਦਕਾ ਇਕ ਯਾਤਰੀ ਦਾ ਗੁਆਚਿਆ ਲੈਪਟਾਪ ਉਸਦੇ ਮਾਲਕ ਨੂੰ ਸੌਂਪ ਦਿੱਤਾ ਗਿਆ | ਜਾਣਕਾਰੀ ਮੁਤਾਬਕ ਬੀਤੇ ਦਿਨ ਰੇਲਗੱਡੀ ਨੰਬਰ 12926 (ਪੱਛਮ ਸੁਪਰਫਾਸਟ ਐਕਸਪ੍ਰੈਸ) 'ਤੇ ਯਾਤਰਾ ਕਰਨ ਵਾਲੇ ਇਕ ਯਾਤਰੀ ਨੇ ਅਣਜਾਣੇ 'ਚ ਆਪਣਾ ਕੀਮਤੀ ਲੈਪਟਾਪ ਵਾਲਾ ਬੈਗ ਰੇਲ ??ਗੱਡੀ 'ਚ ਛੱਡ ਦਿੱਤਾ | ਯਾਤਰੀ ਨੇ ਰੇਲ ਮਦਦ ਰਾਹੀਂ ਲੈਪਟਾਪ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ | ਵਪਾਰਕ ਕੰਟਰੋਲ ਫਿਰੋਜ਼ਪੁਰ ਤੋਂ ਜਾਣਕਾਰੀ ਮਿਲਣ 'ਤੇ ਟਿਕਟ ਚੈਕਿੰਗ ਸਟਾਫ਼ ਪਲਵਿੰਦਰ ਸਿੰਘ ਅਤੇ ਸੌਰਵ ਵਰਮਾ ਨੇ ਤੁਰੰਤ ਕਾਰਵਾਈ ਕੀਤੀ ਅਤੇ ਲੈਪਟਾਪ ਦੀ ਭਾਲ ਸ਼ੁਰੂ ਕਰ ਦਿੱਤੀ | ਉਨ੍ਹਾਂ ਨੇ ਲੈਪਟਾਪ ਲੱਭ ਲਿਆ ਅਤੇ ਇਸਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਚੰਡੀਗੜ੍ਹ ਦੀ ਮੌਜੂਦਗੀ 'ਚ ਸੁਰੱਖਿਅਤ ਢੰਗ ਨਾਲ ਇਸਦੇ ਮਾਲਕ ਨੂੰ ਵਾਪਸ ਕਰ ਦਿੱਤਾ, ਜਿਸ 'ਤੇ ਯਾਤਰੀ ਨੇ ਰੇਲਵੇ ਸਟਾਫ਼ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਪ੍ਰਗਟ ਕੀਤਾ |