ਅੰਮਿ੍ਤਸਰ, 16 ਅਪ੍ਰੈਲ (ਜੱਸ)-ਕਲਗੀਧਰ ਟਰੱਸਟ ਬੜੂ ਸਾਹਿਬ ਦੇ ਨਿਰਦੇਸ਼ਾਂ ਅਧੀਨ ਮਾਝੇ 'ਚ ਕਾਰਜਸ਼ੀਲ ਸਿੱਖ ਵਿਦਿਅਕ ਸੰਸਥਾ ਅਕਾਲ ਅਕੈਡਮੀ ਵਛੋਆ ਵਿਖੇ ਪੰਜਾਬ ਦੀ ਫ਼ਸਲ ਦੀ ਕਟਾਈ ਦਾ ਤਿਉਹਾਰ 'ਵਿਸਾਖੀ' ਅਤੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗੁਰਮਤਿ ਸਮਾਗਮ ਦੌਰਾਨ ਨਿਤਨੇਮ ਤੋਂ ਬਾਅਦ ਸਟਾਫ ਅਤੇ ਵਿਦਿਆਰਥੀਆਂ ਵਲੋਂ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਅਤੇ ਵਾਹਿਗੁਰੂ ਜਾਪ ਕੀਤਾ ਗਿਆ | ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਕਵੀਸ਼ਰੀ ਅਤੇ ਪਵਿੱਤਰ ਬਾਣੀ ਦੀ ਰੂਹਾਨੀ ਪੇਸ਼ਕਾਰੀ ਨਾਲ ਹਾਜ਼ਰੀ ਭਰੀ | ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਸਾਖੀ ਦੇ ਸੰਖੇਪ ਇਤਿਹਾਸ ਅਤੇ ਇਸਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ ਤੇ ਵਿਗਿਆਨ ਅਧਿਆਪਕ ਸਤਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਰਾਹ 'ਤੇ ਚੱਲ ਕੇ ਚੰਗੇ ਇਨਸਾਨ ਬਣਨ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਪਿ੍ੰਸੀਪਲ ਜਤਿੰਦਰ ਕੌਰ ਵਲੋਂ ਵੀ ਸ਼ਬਦ ਕੀਰਤਨ, ਧਾਰਮਿਕ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ | ਸਮਾਰੋਹ ਦੀ ਸਮਾਪਤੀ 'ਤੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਮਠਿਆਈ ਅਤੇ ਪ੍ਰਸ਼ਾਦ ਵੰਡਿਆ ਗਿਆ |