ਚਵਿੰਡਾ ਦੇਵੀ, 17 ਅਪ੍ਰੈਲ (ਸਤਪਾਲ ਸਿੰਘ ਢੱਡੇ)-ਇਲਾਕੇ 'ਚ ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ | ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਵੀ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ, ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਕੱਥੂਨੰਗਲ ਸਬ ਡਵੀਜ਼ਨ ਅਧੀਨ ਆਉਂਦੇ ਬਿਜਲੀ ਘਰ ਕੱਥੂਨੰਗਲ ਅਤੇ ਢੱਡੇ ਤੋਂ ਇਲਾਕੇ ਦੇ ਸਾਰੇ ਪਿੰਡਾਂ ਨੂੰ ਸਪਲਾਈ ਦਿੱਤੀ ਜਾਂਦੀ ਹੈ, ਪਰ ਹਾਲਾਤ ਇਹ ਹਨ ਕਿ ਸਪਲਾਈ ਬਹੁਤ ਹੀ ਅਣਿਯਮਿਤ ਹੋ ਚੁੱਕੀ ਹੈ | ਲੋਕਾਂ ਨੂੰ ਨਾ ਸਿਰਫ਼ ਦਿਨ ਵਿਚ ਸਗੋਂ ਰਾਤ ਸਮੇਂ ਵੀ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ ਹੀ ਬਿਜਲੀ ਘਰ ਢੱਡੇ ਦੇ ਅੰਦਰ ਦੇ ਮੁਲਾਜ਼ਮਾਂ ਵਲੋਂ ਸਰਕਾਰੀ ਮੋਬਾਈਲ ਫੋਨ ਨਾ ਚੁੱਕਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਮੱਸਿਆ ਦੱਸਣ ਲਈ ਵੀ ਸੰਪਰਕ ਨਹੀਂ ਹੋ ਪਾ ਰਿਹਾ | ਬਿਜਲੀ ਕੱਟਾਂ ਦਾ ਅਸਰ ਵਪਾਰ ਉੱਤੇ ਵੀ ਪਿਆ ਹੈ | ਸੀਐਨਜੀ ਪੰਪ ਬੰਦ ਪਏ ਹਨ, ਜਦਕਿ ਸਰਵਿਸ ਸਟੇਸ਼ਨ ਵੀ ਕੰਮ ਨਹੀਂ ਕਰ ਰਹੇ | ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਬਿਜਲੀ ਨਾਲ ਚੱਲਣ ਵਾਲੇ ਕੰਮ ਰੁਕੇ ਹੋਏ ਹਨ | ਕਈ ਵਪਾਰੀ ਆਪਣਾ ਕੰਮ ਚਲਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਸਾੜ ਕੇ ਜਨਰੇਟਰ ਚਲਾ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਖ਼ਰਚੇ ਕਾਫੀ ਵੱਧ ਗਏ ਹਨ | ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਨੇ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਮੁਲਾਜ਼ਮਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਲਈ ਪਾਬੰਦ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |