ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ, ਪੰਜਾਬੀ ਅਧਿਐਨ ਸਕੂਲ ਅਤੇ ਭਾਰਤ ਦੀ ਸਰਵਉੱਚ ਸਾਹਿਤਕ ਸੰਸਥਾ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ ਸਾਂਝੇ ਤੌਰ 'ਤੇ 'ਨਵਤੇਜ ਸਿੰਘ ਰਚਿਤ ਸਾਹਿਤ : ਪਾਸਾਰ ਅਤੇ ਪ੍ਰਸੰਗਕਿਤਾ' ਇਕ ਅਕਾਦਮਿਕ ਗੋਸ਼ਟੀ ਕਰਵਾਈ ਗਈ | ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ | ਹਿਰਦੇਪਾਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਪੂਨਮ ਪ੍ਰੀਤਲੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਗੋਸ਼ਟੀ ਵਿਚ ਮੁੱਢਲੇ ਸ਼ਬਦ ਪੇਸ਼ ਕੀਤੇ | ਸਮਾਗਮ ਦੀ ਪ੍ਰਧਾਨਗੀ 'ਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਕੀਤੀ | ਇਸ ਸੈਸ਼ਨ ਵਿਚ ਨਵਤੇਜ ਸਿੰਘ ਦੀ ਮਸ਼ਹੂਰ ਕਹਾਣੀ 'ਬਸ਼ੀਰਾ' ਉੱਤੇ ਆਧਾਰਿਤ ਇੱਕ ਸ਼ਾਰਟ ਫ਼ਿਲਮ ਰਹੀ ਜਿਸ ਦਾ ਨਿਰਮਾਣ ਨਵਤੇਜ ਸਿੰਘ ਦੀ ਪੋਤਰੀ ਰਤਿਕਾ ਸਿੰਘ ਵਲੋਂ ਕੀਤਾ ਗਿਆ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾਵਾਂ ਦੇ ਸਾਬਕਾ ਡੀਨ ਡਾ. ਧਨਵੰਤ ਕੌਰ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ | ਇਸ ਦੌਰਾਨ ਵੱਖ-ਵੱਖ ਸ਼ੈਸ਼ਨਾਂ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਅਤੇ ਖ਼ਾਲਿਦ ਹੁਸੈਨ ਨੇ ਕੀਤੀ, ਜਿਸ 'ਚ ਪ੍ਰਵੀਨ ਕੁਮਾਰ, ਕੁਲਦੀਪ ਸਿੰਘ, ਮੇਘਾ ਸਲਵਾਨ, ਬਲਜੀਤ ਕੌਰ, ਰਾਜਵਿੰਦਰ ਕੌਰ ਅਤੇ ਅਮਰਜੀਤ ਸਿੰਘ ਵਲੋਂ ਨਵਤੇਜ ਸਿੰਘ ਦੀਆਂ ਰਚਨਾਵਾਂ ਉੱਤੇ ਖੋਜ-ਪੱਤਰ ਪੜ੍ਹੇ ਗਏ | ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਸਿਮਰਨਜੀਤ ਸਿੰਘ ਅਤੇ ਅਸਿਸਟੈਂਟ ਪ੍ਰੋਫ਼ੈਸਰ ਡਾ. ਕੰਵਲਦੀਪ ਕੌਰ ਨੇ ਕੀਤਾ | ਇਸ ਮੌਕੇ ਡਾ. ਹਰਿੰਦਰ ਕੌਰ ਸੋਹਲ, ਡਾ. ਅਕਾਲ ਅੰਮਿ੍ਤ ਕੌਰ, ਡਾ. ਸੁਨੀਲ ਕੁਮਾਰ (ਮੁਖੀ, ਹਿੰਦੀ ਵਿਭਾਗ), ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ, ਪ੍ਰਵੀਨ ਪੁਰੀ ਡਾਇਰੈਕਟਰ, ਡਾ. ਅਮਰਜੀਤ ਸਿੰਘ, ਡਾ. ਰਾਜਕੁਮਾਰ, ਹਰਦੀਪ ਸਿੰਘ ਦੀਪ, ਦੀਪ ਦਵਿੰਦਰ, ਡਾ. ਕੁਲਦੀਪ ਸਿੰਘ, ਡਾ. ਗੁਰਉਪਦੇਸ਼ ਸਿੰਘ, ਡਾ. ਭਾਰਤਬੀਰ ਕੌਰ ਸੰਧੂ, ਡਾ. ਰਾਜੇਸ਼ ਕੁਮਾਰ, ਡਾ. ਰਵਿੰਦਰ ਸਾਹਨੀ, ਡਾ. ਹੀਰਾ ਸਿੰਘ, ਅਰਤਿੰਦਰ ਸੰਧੂ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ, ਆਦਿ ਹਾਜ਼ਰ ਸਨ |