ਭਿੱਖੀਵਿੰਡ, 19 ਅਪ੍ਰੈਲ (ਬੌਬੀ)-ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਭਿੱਖੀਵਿੰਡ ਵਿਖੇ 132 ਕੇ. ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਫੀਡਰ ਤੇ 11 ਕੇ. ਵੀ. ਨਿਊ ਅਰਬਨ ਫੀਡਰਾਂ, ਜਿਨ੍ਹਾਂ ਤੋਂ ਕਈ ਪਿੰਡ ਤੇ ਖ਼ੇਤਰ ਚੱਲਦੇ ਹਨ, ਦਾ ਉਦਘਾਟਨ ਕੀਤਾ | ਇਸ ਮੌਕੇ ਵਿਧਾਇਕ ਧੁੰਨ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਫੀਡਰਾਂ ਕ੍ਰਮਵਾਰ ਮਾੜੀ ਸਮਰਾ ਤੇ ਖੇਮਕਰਨ ਰੋਡ ਹੈ, ਦੇ ਓਵਰ ਲੋਡ ਹੋਣ ਨਾਲ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਕਈ ਸਾਲਾਂ ਤੋਂ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਦਾ ਹੁਣ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਦਾ ਲਗਪਗ 1 ਕਰੋੜ ਦੇ ਕਰੀਬ ਖਰਚਾ ਆਇਆ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 3 ਨੰਬਰ ਫੀਡਰ ਦਾ ਕੰਮ ਵੀ ਚੱਲ ਰਿਹਾ ਹੈ, ਜੋ ਕਿ 2 ਮਹੀਨੇ ਦੇ ਵਿਚ ਵਿਚ ਮੁਕੰਮਲ ਹੋ ਜਾਵੇਗਾ | ਯੂ.ਪੀ.ਐਸ. ਬਲੇਰ ਫੀਡਰ ਦਾ ਕੰਡਕਟਰ, ਜੋ ਕਿ 35-40 ਸਾਲ ਤੋਂ ਕਾਫੀ ਖਸਤਾ ਹਾਲਤ ਵਿਚ ਸੀ, ਉਹ ਵੀ 80 ਐਮ. ਐਸ. ਸਕੇਅਰ ਲਗਪਗ 5 ਕਿੱਲੋਮੀਟਰ ਲਾਈਨ ਦਾ ਬਦਲਿਆ ਗਿਆ ਹੈ, ਜਿਸ ਉਪਰ 10 ਲੱਖ ਰੁਪਏ ਦੇ ਕਰੀਬ ਲਾਗਤ ਆਈ ਹੈ | ਵਿਧਾਇਕ ਧੁੰਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਕੇ ਬਿਜਲੀ ਵਿਭਾਗ ਵਿਚ ਖ਼ਾਲੀ ਪਈਆਂ ਆਸਾਮੀਆਂ ਨੂੰ ਭਰਵਾਇਆ ਜਾਵੇਗਾ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਮੁਹੱਈਆ ਹੁੰਦੀ ਰਹੇ |
ਹਲਕਾ ਵਿਧਾਇਕ ਧੁੰਨ ਵਲੋਂ ਵੱਖ-ਵੱਖ 11 ਕੇ. ਵੀ. ਫੀਡਰਾਂ ਦਾ ਕੀਤਾ ਉਦਘਾਟਨ <br/>
ਅਜੀਤ ਡੈਸਕ
20-04-2026