ਅੰਮਿ੍ਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਵਿਖੇ ਮਹਾਨ ਸਮਾਜ ਸੁਧਾਰਕ, ਸਿੱਖਿਆ ਸ਼ਾਸਤਰੀ ਅਤੇ ਆਰੀਆ ਸਮਾਜ ਦੇ ਉੱਘੇ ਚਿੰਤਕ ਮਹਾਤਮਾ ਹੰਸਰਾਜ ਦੀ ਜਨਮ ਵਰ੍ਹੇਗੰਢ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਹ ਸਮਾਗਮ ਕਾਲਜ ਦੇ ਸੰਸਕਿ੍ਤ ਵਿਭਾਗ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ, ਜਿਸਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤੀ | ਉਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਮਹਾਤਮਾ ਹੰਸਰਾਜ ਦੇ ਯੋਗਦਾਨ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨਾਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਮਹਾਤਮਾ ਹੰਸਰਾਜ ਦੁਆਰਾ ਅÏਰਤਾਂ ਦੀ ਸਿੱਖਿਆ ਅਤੇ ਵਾਂਝੇ ਬੱਚਿਆਂ ਦੇ ਵਿਕਾਸ ਲਈ ਕੀਤੇ ਗਏ ਕੰਮ ਅੱਜ ਵੀ ਬਹੁਤ ਪ੍ਰਸੰਗਿਕ ਹਨ | ਸੰਸਕਿ੍ਤ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਆਰੀਆ ਨੇ ਮਹਾਤਮਾ ਹੰਸਰਾਜ ਦੇ ਜੀਵਨ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਕਿਵੇਂ ਦਯਾਨੰਦ ਐਂਗਲੋ-ਵੈਦਿਕ (ਡੀ.ਏ.ਵੀ.) ਸਕੂਲਾਂ ਅਤੇ ਕਾਲਜਾਂ ਦੀ ਨੀਂਹ ਰੱਖ ਕੇ, ਉਹ ਸਿੱਖਿਆ ਨੂੰ ਜਨਤਾ ਤੱਕ ਪਹੁੰਚਾਉਣ 'ਚ ਸਫਲ ਹੋਏ | ਇਸ ਮੌਕੇ ਇਕ ਗਾਇਤਰੀ ਮੰਤਰ ਜਾਪ ਮੁਕਾਬਲਾ ਵੀ ਕਰਵਾਇਆ ਗਿਆ, ਜਿਸ 'ਚ ਮੋਨਿਕਾ ਪਾਲ ਨੂੰ ਪਹਿਲਾ ਇਨਾਮ, ਅਦਿਤੀ ਨੂੰ ਦੂਜਾ ਅਤੇ ਨੀਸ਼ੂ ਨੂੰ ਤੀਜਾ ਇਨਾਮ ਦਿੱਤਾ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ ਭਾਸ਼ਣ, ਕਵਿਤਾ ਪਾਠ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀ | ਇਸ ਮੌਕੇ ਕਾਲਜ ਦੇ ਸਟਾਫ਼ ਸਕੱਤਰ ਡਾ. ਰਵੀ ਸ਼ਰਮਾ, ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |