ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਕਣਕ ਦੀ ਸਰਕਾਰੀ ਖਰੀਦ ਲਈ ਕੀਤੇ ਗਏ ਅੱਧ-ਅਧੂਰੇ ਪ੍ਰਬੰਧਾਂ ਕਾਰਨ ਜਿਥੇ ਮੰਡੀਆਂ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਰਕੇ ਹਾਹਾਕਾਰ ਮੱਚੀ ਹੋਈ ਹੈ, ਜਿਸ ਦਾ ਖਮਿਆਜਾ ਕਿਸਾਨ, ਆੜਤੀ ਅਤੇ ਮਜਦੂਰ ਵਰਗ ਨੂੰ ਪ੍ਰੇਸ਼ਾਨ ਹੋ ਕੇ ਭੁਗਤਣਾ ਪੈ ਰਿਹਾ ਹੈ, ਕਿਉਂਕਿ ਮੰਡੀ 'ਚ ਖੁਲ੍ਹੇ ਅਸਮਾਨ ਹੇਠ ਲੱਖਾਂ ਬੋਰੀਆਂ ਕਣਕ ਦੀਆਂ ਪਈਆਂ ਹਨ | ਅੰਮਿ੍ਤਸਰ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਚੁਕਾਈ ਦਾ ਕੰਮ ਬੁਰੀ ਤਰ੍ਹਾਂ ਠੱਪ ਹੋਇਆ ਪਿਆ ਹੈ ਅਤੇ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਹੁਣ ਤੱਕ ਕਰੀਬ 4 ਲੱਖ 12 ਹਜਾਰ 513 ਤੋੜੇ ਕਣਕ ਦੀ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ ਪਰ ਕਣਕ ਦੀ ਚੁਕਾਈ ਨਾਮਾਤਰ ਹੋਣ ਕਰਕੇ ਬੁਰੇ ਫਸੇ ਹਨ | ਇਸ ਦੌਰਾਨ ਸਰਕਾਰੀ ਖਰੀਦੀ ਹੋਈ ਕਣਕ ਦੀ ਸਿਰਫ 13 ਹਜਾਰ ਤੋੜਿਆਂ ਦੀ ਚੁਕਾਈ ਕੀਤੀ ਗਈ ਹੈ | ਜਦਕਿ ਇਸ ਮੰਡੀ 'ਚ ਪ੍ਰਾਈਵੇਟ ਫਰਮਾਂ ਵਲੋਂ 20 ਹਜਾਰ 659 ਤੋੜਿਆਂ ਦੀ ਖਰੀਦ ਅਤੇ 16 ਹਜਾਰ ਤੋਂ ਵਧੇਰੇ ਤੋੜਿਆਂ ਦੀ ਚੁਕਾਈ ਕਰ ਲਈ ਗਈ ਹੈ | ਇਸ ਸੰਬੰਧੀ ਗੱਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਚੇਅਰਮੈਨ ਗੁਰਭਿੰਦਰ ਸਿੰਘ ਮੰਮਣਕੇ ਅਤੇ ਜਨਰਲ ਸਕੱਤਰ ਕੁਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਏ ਨੂੰ ਕਈ ਦਿਨ ਬੀਤ ਗਏ ਹਨ ਜਿਸ ਤੋਂ ਬਾਅਦ ਹੁਣ ਤੱਕ 4 ਲੱਖ 12 ਹਜਾਰ 513 ਤੋੜੇ ਕਰੀਬ ਕਣਕ ਦੀ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ ਪਰ ਚੁਕਾਈ ਨਾ ਹੋਣ ਕਰਕੇ ਖਰੀਦੀ ਹੋਈ ਫ਼ਸਲ ਖੁਲ੍ਹੇ ਅਸਮਾਨ ਹੇਠ ਖਰਾਬ ਹੋ ਰਹੀ ਹੈ | ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਟੈਂਡਰ ਹਮੇਸ਼ਾ ਉਨ੍ਹਾਂ ਠੇਕੇਦਾਰਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਕੋਲ ਕੋਈ ਵਾਹਨ ਨਹੀਂ ਹੁੰਦਾ ਹੈ, ਜਿਸ ਦਾ ਬੋਝ ਆੜਤੀ ਦੇ ਸਿਰ ਆ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਲਿਫਟਿੰਗ ਦਾ ਬੁਰਾ ਹਾਲ ਹੁੰਦਾ ਸੀ ਪਰ ਉਮੀਦਾਂ ਨਾਲ ਬਣਾਈ ਗਈ ਇਸ ਸਰਕਾਰ ਵੇਲੇ ਤਾਂ ਹਾਲ ਹੋਰ ਵੀ ਬੁਰਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮੰਡੀ 'ਚ ਧਾਂਕਾਂ ਲੱਗ ਗਈਆਂ ਹਨ ਅਤੇ ਜੇਕਰ ਅਗਲੇ ਦਿਨਾਂ 'ਚ ਵੀ ਕਣਕ ਦੀ ਚੁਕਾਈ ਨਾ ਹੋਈ ਤਾਂ ਮੰਡੀਆਂ ਦਾ ਕਣਕ ਰੱਖਣ ਲਈ ਜਗ੍ਹਾ ਨਹੀਂ ਮਿਲੇਗੀ | ਉਨ੍ਹਾਂ ਕਿਹਾ ਕਿ ਕਣਕ ਦੀ ਚੁਕਾਈ ਨਾ ਹੋਣ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮੇਂ ਸਮੇਂ ਮੀਟਿੰਗਾਂ ਅਤੇ ਗੱਲਬਾਤ ਵੀ ਹੋਈ ਹੈ ਪਰ ਹਾਲਾਤ ਹੋਰ ਵੀ ਦੁੱਭਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਖਰੀਦੀ ਹੋਈ ਫ਼ਸਲ ਤੋਂ ਇਲਾਵਾ 3 ਲੱਖ ਤੋਂ ਵਧੇਰੇ ਤੋੜਾ ਅਜੇ ਖੁਲ੍ਹੇ ਅਸਮਾਨ ਹੇਠ ਪਇਆ ਹੈ, ਜਿਸ ਦੀ ਖਰੀਦ ਹੋਣੀ ਅਜੇ ਬਾਕੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲਿਫਟਿੰਗ ਦਾ ਕੰਮ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਠੇਕੇਦਾਰੀ ਸਿਸਟਮ ਖਤਮ ਕਰਕੇ ਲਿਫਟਿੰਗ ਦਾ ਕੰਮ ਵੀ ਆੜਤੀਆਂ ਨੂੰ ਸੌਪ ਦੇਵੇ ਤਾਂ ਜੋ ਹਰ ਸੀਜਨ 'ਚ ਪੈਦਾ ਹੋਣ ਵਾਲੀ ਇਹ ਸਮੱਸਿਆ ਤੋਂ ਨਿਜਾਤ ਮਿਲ ਸਕੇ |